ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ‘ਅਦਭੁਤ ਦੀ ਵਾਪਸੀ’ ‘ਤੇ ਗੰਭੀਰ ਵਿਚਾਰ-ਚਰਚਾ

ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸ.ਏ.ਐੱਸ. ਨਗਰ ਵਿੱਚ ਕਵਿਤਾ, ਵਿਚਾਰ ਅਤੇ ਸੰਵੇਦਨਾ ਦਾ ਸੁੰਦਰ ਮਿਲਾਪ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ) — ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸ.ਏ.ਐੱਸ. ਨਗਰ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੇ ਮੌਕੇ ‘ਤੇ ਕਵੀ ਅਮਰਜੀਤ ਗਰੇਵਾਲ ਦੇ ਕਾਵਿ-ਸੰਗ੍ਰਹਿ ‘ਅਦਭੁਤ ਦੀ ਵਾਪਸੀ’ ‘ਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ। ਸਮਾਗਮ ਵਿੱਚ ਸਾਹਿਤਕ ਰੁਚੀ ਰੱਖਣ ਵਾਲੇ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਮੁੱਖ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਤੋਂ ਪ੍ਰੋ. ਯੋਜਨਾ ਰਾਵਤ (ਡੀ.ਯੂ.ਆਈ.) ਸ਼ਾਮਲ ਹੋਏ, ਜਦਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਤੇ ਆਲੋਚਕ ਡਾ. ਮਨਮੋਹਨ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ “ਧਨੁ ਲੇਖਾਰੀ ਨਾਨਕਾ” ਨਾਲ ਹੋਈ।

ਡਾ. ਦਰਸ਼ਨ ਕੌਰ (ਖੋਜ ਅਫ਼ਸਰ) ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਸਮਾਗਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਪੁਸਤਕ ਨੂੰ ਮਨੁੱਖ ਦੇ ਅੰਦਰ ਚੱਲ ਰਹੀ ਮੌਨ ਯਾਤਰਾ ਦਾ ਦਸਤਾਵੇਜ਼ ਕਰਾਰ ਦਿੱਤਾ।

ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਮਨਮੋਹਨ ਨੇ ਕਿਹਾ ਕਿ ਇਹ ਕਾਵਿ-ਸੰਗ੍ਰਹਿ ਉਤਰ-ਆਧੁਨਿਕ ਸਮੇਂ ਨੂੰ ਉਤਰ-ਮਾਨਵੀ ਨਜ਼ਰੀਏ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਕ ਨਵਾਂ ਮੈਟਾ-ਨੈਰੇਟਿਵ ਰਚਦਾ ਹੈ। ਪ੍ਰੋ. ਯੋਜਨਾ ਰਾਵਤ ਨੇ ਇਸ ਪੁਸਤਕ ਨੂੰ ਮਾਨਵੀ ਜੀਵਨ ਦੀਆਂ ਅਨੰਤ ਸੰਭਾਵਨਾਵਾਂ ਨੂੰ ਖੋਲ੍ਹਣ ਵਾਲਾ ਵਿਲੱਖਣ ਪ੍ਰਯੋਗ ਦੱਸਿਆ, ਜੋ ਰੂੜ੍ਹ ਢਾਂਚਿਆਂ ਨੂੰ ਨਵੇਂ ਆਯਾਮ ਦਿੰਦਾ ਹੈ।

ਪ੍ਰੋ. ਪ੍ਰਵੀਨ ਕੁਮਾਰ ਨੇ ਪੜਚੋਲਵਾਂ ਪਰਚਾ ਪੜ੍ਹਦਿਆਂ ਕਿਹਾ ਕਿ ਇਹ ਕਵਿਤਾਵਾਂ ਅਜੋਕੇ ਸੁੱਤੇ ਮਨੁੱਖ ਨੂੰ ਜਗਾਉਣ ਦੀ ਤਾਕਤ ਰੱਖਦੀਆਂ ਹਨ ਅਤੇ ਸੰਕੇਤ ਦਿੰਦੀਆਂ ਹਨ ਕਿ ਸੰਸਾਰ ਸਿਰਫ਼ ਭਾਸ਼ਾ ਤੱਕ ਸੀਮਿਤ ਨਹੀਂ। ਡਾ. ਪਰਮਜੀਤ ਸਿੰਘ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਪੁਸਤਕ ਅੰਦਰੂਨੀ ਜਾਗਰੂਕਤਾ ਦੀ ਉਸ ਅਵਸਥਾ ਨੂੰ ਦਰਸਾਉਂਦੀ ਹੈ ਜੋ ਆਪਣੇ ਆਪ ਨਾਲ ਸੰਘਰਸ਼ ਤੋਂ ਬਾਅਦ ਉਭਰਦੀ ਹੈ।

ਡਾ. ਹਰਦੀਪ ਸਿੰਘ ਨੇ ‘ਪੂਰਨ ਭਗਤ’ ਕਵਿਤਾ ਦੇ ਹਵਾਲੇ ਨਾਲ ਕਿਹਾ ਕਿ ਕਵੀ ਦ੍ਰਿਸ਼ ਰਚ ਕੇ ਅਰਥਾਂ ਨੂੰ ਨਵੀਂ ਦਿਸ਼ਾ ਦਿੰਦਾ ਹੈ। ਇਸ ਮੌਕੇ ਸ. ਮਨਮੋਹਨ ਸਿੰਘ ਦਾਊਂ ਨੇ ਕਾਵਿ-ਚਿੱਤਰ “ਸਫ਼ੈਦ ਰੰਗ ਵਿਚ ਸੂਹੇ ਰੰਗ ਦੀ ਆਭਾ: ਅਮਰਜੀਤ ਗਰੇਵਾਲ” ਵੀ ਸਾਂਝਾ ਕੀਤਾ।

ਕਵੀ ਅਮਰਜੀਤ ਗਰੇਵਾਲ ਨੇ ਆਪਣੀਆਂ ਕਵਿਤਾਵਾਂ ‘ਸੰਗਤ’ ਅਤੇ ‘ਪ੍ਰੇਮ’ ਪੜ੍ਹ ਕੇ ਦਰਸ਼ਕਾਂ ਨਾਲ ਸਿੱਧਾ ਸੰਵਾਦ ਕੀਤਾ, ਜਿਸ ਨੂੰ ਖੂਬ ਸਰਾਹਿਆ ਗਿਆ।

ਸਮਾਗਮ ਦੇ ਅੰਤ ਵਿੱਚ ਡਾ. ਦਰਸ਼ਨ ਕੌਰ ਵੱਲੋਂ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ, ਜਦਕਿ ਮੰਚ ਦਾ ਸੰਚਾਲਨ ਮੈਡਮ ਦਿਲਪ੍ਰੀਤ ਨੇ ਸੁਚੱਜੇ ਢੰਗ ਨਾਲ ਨਿਭਾਇਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਵਿਚਾਰ-ਚਰਚਾ ਵਿੱਚ ਡਾ. ਕਮਲਦੀਪ ਕੌਰ, ਸ਼੍ਰੀਮਤੀ ਮਨਜੀਤ ਮੀਤ, ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ ਚੱਠਾ, ਸੁਧਾ ਜੈਨ, ਕੇਵਲਜੀਤ ਸਿੰਘ ਕੰਵਲ, ਡਾ. ਮੇਘਾ ਸਿੰਘ, ਪ੍ਰਿੰ. ਗੁਰਮੀਤ ਖਰੜ, ਗੁਰਚਰਨ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਮੌਜੂਦ ਰਹੇ।

Comments are closed.