ਖੂਨੀਮਾਜਰਾ ਪਾਲੀਟੈਕਨਿਕ ਵਿੱਚ ਆਟੀਜ਼ਮ ਸਪੈਕਟਰਮ ਨੌਜਵਾਨਾਂ ਲਈ -ਵਿੰਗਜ਼-ਟਕ ਸ਼ਾਪ-ਕਮ-ਕੈਂਟੀਨ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਰੈੱਡ ਕ੍ਰਾਸ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲਾ • ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਆਤਮਨਿਰਭਰਤਾ ਵੱਲ ਕਦਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ | 24 ਫਰਵਰੀ (ਪੁਸ਼ਪਿੰਦਰ ਸਿੰਘ, ਕੁਰਾਲੀ)
ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਟੀਜ਼ਮ ਸਪੈਕਟਰਮ ਨਾਲ ਸੰਬੰਧਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ “ਵਿੰਗਜ਼” ਨਾਮਕ ਟਕ ਸ਼ਾਪ-ਕਮ-ਕੈਂਟੀਨ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਟੀਨ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੈਂਟੀਨ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਲਈ ਨਵੇਂ ਰਾਹ ਖੋਲ੍ਹੇਗੀ ਅਤੇ ਇਹ ਸਾਬਤ ਕਰੇਗੀ ਕਿ ਜੀਵਨ ਦੀਆਂ ਚੁਣੌਤੀਆਂ ਦੇ ਬਾਵਜੂਦ ਉਹ ਕਾਫ਼ੀ ਕੁਝ ਹਾਸਲ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਰੋਜ਼ਾਨਾ ਸੰਪਰਕ ਨਾਲ ਸਮਾਜ ਉਨ੍ਹਾਂ ਦੀ ਯੋਗਤਾ ਨੂੰ ਨੇੜੇ ਤੋਂ ਜਾਣ ਸਕੇਗਾ ਅਤੇ ਇਹ ਨੌਜਵਾਨ ਸਮਾਜਿਕ ਅਤੇ ਆਰਥਿਕ ਤੌਰ ‘ਤੇ ਆਤਮਨਿਰਭਰ ਬਣ ਸਕਣਗੇ।
ਉਨ੍ਹਾਂ ਦੱਸਿਆ ਕਿ ਹਰਮਨ ਸ਼ਰਮਾ ਅਤੇ ਨਿਮਿਤ ਡੋਗਰਾ ਨੇ ਓਪਨ ਸਕੂਲ ਬੋਰਡ ਤੋਂ 10+2 ਪਾਸ ਕੀਤੀ ਹੈ ਅਤੇ ਦੋਵਾਂ ਨੇ ਐਥਲੈਟਿਕਸ ਅਤੇ ਸਾਈਕਲਿੰਗ ਵਿੱਚ ਰਾਸ਼ਟਰੀ ਪੱਧਰ ‘ਤੇ ਭਾਗ ਲੈ ਕੇ ਸੋਨੇ ਦੇ ਤਮਗੇ ਵੀ ਹਾਸਲ ਕੀਤੇ ਹਨ। ਉਨ੍ਹਾਂ ਦੇ ਹੌਸਲੇ ਅਤੇ ਯੋਗਤਾ ਨੂੰ ਦੇਖਦਿਆਂ ਇਹ ਕੈਂਟੀਨ ਸ਼ੁਰੂ ਕੀਤੀ ਗਈ ਹੈ।
ਇਸ ਉਪਰਾਲੇ ਨੂੰ ਪਾਇਲਟ ਪ੍ਰੋਜੈਕਟ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਸਿੱਖਿਆ ਸੰਸਥਾਵਾਂ ਵਿੱਚ ਵੀ ਇਸ ਤਰ੍ਹਾਂ ਦੇ ਰੋਜ਼ਗਾਰ-ਕੇਂਦਰਿਤ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਤਾਂ ਜੋ ਹੋਰ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਲਈ ਵੀ ਮੌਕੇ ਪੈਦਾ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨਾਂ ਵਿੱਚ ਵਿਹਾਰਿਕ ਜੀਵਨ ਅਨੁਭਵ ਅਤੇ ਆਤਮ-ਵਿਸ਼ਵਾਸ ਦੋਵਾਂ ਵਧਾਉਂਦੇ ਹਨ।
ਦੋਵੇਂ ਨੌਜਵਾਨਾਂ (ਉਮਰ 19 ਅਤੇ 22 ਸਾਲ) ਦੀ ਸਹਾਇਤਾ ਲਈ ਸ੍ਰੀਮਤੀ ਸੁਖਜਿੰਦਰ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੈਂਟੀਨ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ। ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਕੈਂਟੀਨ ਲਈ ਲੋੜੀਂਦਾ ਸਾਰਾ ਸਾਮਾਨ ਉਪਲਬਧ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਉਚਿਤ ਮਿਹਨਤਾਨਾ ਵੀ ਦਿੱਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਐਸਡੀਐਮ ਖਰੜ ਗੁਰਮੀਤ ਸਿੰਘ, ਸਕੱਤਰ ਰੈੱਡ ਕ੍ਰਾਸ ਹਰਬੰਸ ਸਿੰਘ, ਪ੍ਰਿੰਸੀਪਲ ਰੇਖਾ ਕਿਰਣ ਅਤੇ ਪ੍ਰੋ. ਗੁਰਬਖਸ਼ਿਸ਼ ਸਿੰਘ ਅੰਟਾਲ ਸਮੇਤ ਹੋਰ ਅਧਿਕਾਰੀ ਅਤੇ ਸਟਾਫ ਮੌਜੂਦ ਸਨ।
ਸਮਾਗਮ ਦੀ ਯਾਦਗਾਰ ਵਜੋਂ ਡਿਪਟੀ ਕਮਿਸ਼ਨਰ ਵੱਲੋਂ ਕੈਂਟੀਨ ਨੇੜੇ ਕਾਲਜ ਦੇ ਅਹਾਤੇ ਵਿੱਚ ਪੌਦੇ ਵੀ ਲਗਾਏ ਗਏ।
Comments are closed.