ਰਾਜਪੁਰਾ ਵਿੱਚ ਵੱਡਾ ਅੱਗ ਦਾ ਹਾਦਸਾ — ਟੋਰੈਂਟ ਗੈਸ ਦੇ ਗੋਦਾਮ ਵਿੱਚ ਧੂੰ-ਧੂੰ ਕਰਕੇ ਸੜੀਆਂ ਪਾਈਪਾਂ
ਰਿਪੋਰਟ ਸੁਸ਼ੀਲ ਕੁਮਾਰ ਰਾਜਪੁਰਾ
ਰਾਜਪੁਰਾ, 8 ਫਰਵਰੀ (ਰਿਪੋਰਟ: ਸੁਸ਼ੀਲ ਕੁਮਾਰ) — ਰਾਜਪੁਰਾ ਦੇ ਲਕਸ਼ਮੀ ਧਰਮ ਕੰਡੇ ਦੇ ਅੰਦਰ ਬਣੇ ਟੋਰੈਂਟ ਗੈਸ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚ ਵੱਡੀ ਗਿਣਤੀ ਵਿੱਚ ਪਲਾਸਟਿਕ ਦੀਆਂ ਗੈਸ ਪਾਈਪਾਂ ਪਈਆਂ ਹੋਈਆਂ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਅੱਗ ਦੀ ਸੂਚਨਾ ਮਿਲਦੇ ਹੀ ਰਾਜਪੁਰਾ, ਪਟਿਆਲਾ ਅਤੇ ਡੇਰਾ ਬੱਸੀ ਤੋਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਮੌਜੂਦ ਹੈ ਅਤੇ ਇਲਾਕੇ ਨੂੰ ਸੁਰੱਖਿਆ ਘੇਰੇ ਹੇਠ ਲਿਆ ਗਿਆ ਹੈ।
ਲਕਸ਼ਮੀ ਧਰਮ ਕੰਡੇ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਗੋਦਾਮ ਟੋਰੈਂਟ ਗੈਸ ਕੰਪਨੀ ਨੂੰ ਕਿਰਾਏ ‘ਤੇ ਦਿੱਤਾ ਹੋਇਆ ਸੀ, ਜਿਸ ਦੇ ਅੰਦਰ ਗੈਸ ਦੀਆਂ ਪਾਈਪਾਂ ਅਤੇ ਹੋਰ ਸਮਾਨ ਪਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ, ਪਰ ਪਾਣੀ ਦੇ ਪ੍ਰੈਸ਼ਰ ਦੀ ਕਮੀ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਸਮਾਂ ਲੱਗ ਰਿਹਾ ਹੈ।
ਫਾਇਰ ਅਫਸਰ ਰੁਪਿੰਦਰ ਰੂਬੀ (ਰਾਜਪੁਰਾ) ਨੇ ਦੱਸਿਆ ਕਿ ਟੋਰੈਂਟ ਗੈਸ ਦੀਆਂ ਪਾਈਪਾਂ ਨੂੰ ਅੱਗ ਲੱਗੀ ਹੋਈ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਜਪੁਰਾ ਅਤੇ ਪਟਿਆਲਾ ਤੋਂ ਪਹੁੰਚ ਕੇ ਅੱਗ ਬੁਝਾਉਣ ਦੀ ਕਾਰਵਾਈ ਕਰ ਰਹੀਆਂ ਹਨ।
ਐਸ.ਐਚ.ਓ. ਖੇੜੀ ਗੰਡਿਆਂ, ਰਾਜੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚ ਗਿਆ ਸੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਹਨ। ਅੱਗ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਗੋਦਾਮ ਵਿੱਚ ਪਏ ਸਮਾਨ ਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
Watch our YouTube video
Comments are closed.