ਸਿਵਲ ਡਿਫੈਂਸ ਵੱਲੋਂ ਤਰਨ ਤਾਰਨ ਵਿੱਚ ਬਲੈਕਆਊਟ ਮੌਕ ਡਰਿੱਲ ਕਰਵਾਈ
ਸਾਇਰਨ ਵੱਜਦਿਆਂ ਹੀ ਐਸ.ਡੀ.ਐਮ ਕੰਪਲੈਕਸ ਹਨੇਰੇ ਵਿੱਚ ਡੁੱਬਿਆ, ਰਾਹਤ ਤੇ ਬਚਾਅ ਕਾਰਜਾਂ ਦੀ ਕੀਤੀ ਗਈ ਰਿਹਰਸਲ
ਤਰਨ ਤਾਰਨ, 24 ਅਪ੍ਰੈਲ (ਨਵਦੀਪ ਸ਼ੰਟੀ)
ਨਿਊਜ਼:
ਗ੍ਰਹਿ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਰਾਤ 8 ਵਜੇ ਐਸ.ਡੀ.ਐਮ ਕੰਪਲੈਕਸ ਤਰਨ ਤਾਰਨ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡਰਿੱਲ ਕਰਵਾਈ ਗਈ। ਇਹ ਮੌਕ ਡਰਿੱਲ ਕਿਸੇ ਵੀ ਸੰਭਾਵੀ ਹਵਾਈ ਹਮਲੇ ਮੌਕੇ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ.ਐਮ ਤਰਨ ਤਾਰਨ ਡਾ. ਕਰਨਵੀਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਇਹ ਮੌਕ ਡਰਿੱਲ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਈ, ਜੋ ਸਾਇਰਨ ਰਾਹੀਂ ਦਿੱਤਾ ਗਿਆ। ਇਸ ਦੌਰਾਨ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ।
ਕਰੀਬ 15 ਮਿੰਟ ਦੇ ਇਸ ਬਲੈਕਆਊਟ ਦੌਰਾਨ ਨਿਰਧਾਰਤ ਖੇਤਰ ਵਿੱਚ ਸਾਰੀਆਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਸਮੁੱਚੇ ਐਸ.ਡੀ.ਐਮ ਕੰਪਲੈਕਸ ਵਿੱਚ ਘੁੱਪ ਹਨੇਰਾ ਛਾ ਗਿਆ।
ਮੌਕ ਡਰਿੱਲ ਦੇ ਸਮਾਪਤ ਹੋਣ ਉਪਰੰਤ “ਆਲ ਕਲੀਅਰ” ਸਿਗਨਲ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਦਿੱਤਾ ਗਿਆ, ਜੋ ਡਰਿੱਲ ਦੇ ਖ਼ਤਮ ਹੋਣ ਦਾ ਸੰਕੇਤ ਸੀ।
ਇਸ ਮੌਕ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਬਚਾਅ ਅਤੇ ਰਾਹਤ ਕਾਰਜ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜਖ਼ਮੀਆਂ ਦੀ ਢੁਆਈ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਵਾਂ ਦੀ ਪ੍ਰਤੀਕਾਤਮਕ ਰਿਹਰਸਲ ਕੀਤੀ ਗਈ। ਇਸ ਮੌਕੇ ਵਲੰਟੀਅਰਾਂ, ਸਿਵਲ ਡਿਫੈਂਸ ਦੇ ਕਰਮਚਾਰੀਆਂ, ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਟ੍ਰੈਫਿਕ ਨਿਯੰਤਰਣ ਲਈ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ।
ਐਸ.ਡੀ.ਐਮ ਡਾ. ਕਰਨਵੀਰ ਸਿੰਘ ਨੇ ਦੱਸਿਆ ਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਲਈ ਇਕ ਰੁਟੀਨ ਡਰਿੱਲ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਹਰ ਸਾਲ ਅਪ੍ਰੈਲ ਅਤੇ ਨਵੰਬਰ ਮਹੀਨੇ ਵਿੱਚ ਕਰਵਾਈਆਂ ਜਾਣਗੀਆਂ।
Comments are closed.