ਡੇ-ਸਕਾਲਰ ਵਿੰਗਾਂ ਦੇ ਜ਼ਿਲ੍ਹਾ ਪੱਧਰੀ ਟਰਾਇਲ 4 ਤੇ 6 ਅਪ੍ਰੈਲ ਨੂੰ: ਜ਼ਿਲ੍ਹਾ ਖੇਡ ਅਫ਼ਸਰ
ਅੰਡਰ-14, 17 ਤੇ 19 ਵਰਗਾਂ ਦੇ ਲੜਕੇ-ਲੜਕੀਆਂ ਲਈ ਵੱਖ-ਵੱਖ ਖੇਡਾਂ ਦੇ ਟਰਾਇਲ; ਖਿਡਾਰੀਆਂ ਨੂੰ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਪਹੁੰਚਣ ਦੀ ਹਦਾਇਤ
ਤਰਨ ਤਾਰਨ, 2 ਅਪ੍ਰੈਲ (ਨਵਦੀਪ ਸ਼ੈਂਟੀ):
ਡਾਇਰੈਕਟਰ ਖੇਡਾਂ ਪੰਜਾਬ ਵੱਲੋਂ ਸੈਸ਼ਨ 2026-27 ਲਈ ਡੇ-ਸਕਾਲਰ ਵਿੰਗਾਂ ਦੇ ਟਰਾਇਲ ਕਰਵਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਖੇਡਾਂ ਦੇ ਡੇ-ਸਕਾਲਰ ਵਿੰਗਾਂ ਲਈ ਟਰਾਇਲ ਲਏ ਜਾਣਗੇ, ਜਿਨ੍ਹਾਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਲੜਕੇ ਤੇ ਲੜਕੀਆਂ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ 4 ਅਪ੍ਰੈਲ 2026 ਨੂੰ ਇੰਡੋਰ ਹਾਲ ਵਿੱਚ ਜੂਡੋ, ਫੈਂਸਿੰਗ ਅਤੇ ਕੁਸ਼ਤੀ ਦੇ ਟਰਾਇਲ ਲਏ ਜਾਣਗੇ। ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਦੀ ਜਨਮ ਮਿਤੀ ਅਨੁਸਾਰ ਯੋਗਤਾ ਇਸ ਤਰ੍ਹਾਂ ਹੈ: ਅੰਡਰ-14 ਲਈ 1 ਜਨਵਰੀ 2013, ਅੰਡਰ-17 ਲਈ 1 ਜਨਵਰੀ 2010 ਅਤੇ ਅੰਡਰ-19 ਲਈ 1 ਜਨਵਰੀ 2008 ਤੱਕ ਦੇ ਜਨਮੇ ਖਿਡਾਰੀ ਭਾਗ ਲੈ ਸਕਦੇ ਹਨ।
ਇਸੇ ਤਰ੍ਹਾਂ 6 ਅਪ੍ਰੈਲ 2026 ਨੂੰ ਅਥਲੈਟਿਕਸ, ਫੁੱਟਬਾਲ, ਵਾਲੀਬਾਲ, ਕਬੱਡੀ, ਨੈੱਟਬਾਲ, ਬਾਕਸਿੰਗ ਅਤੇ ਹਾਕੀ ਦੇ ਟਰਾਇਲ ਸ਼੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ, ਤਰਨ ਤਾਰਨ ਵਿੱਚ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਟਰਾਇਲ ਵਾਲੇ ਸਥਾਨ ‘ਤੇ ਸਵੇਰੇ 8 ਵਜੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਪ੍ਰਮਾਣ ਪੱਤਰ, ਆਧਾਰ ਕਾਰਡ, ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਨਾਲ ਨਾਲ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਟਰਾਇਲਾਂ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਨੂੰ ਵਿਭਾਗ ਵੱਲੋਂ ਕੋਈ ਵੀ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
Comments are closed.