ਕੋਰਟ ਕੰਪਲੈਕਸ ਪੱਟੀ ਵਿਖੇ ਫਾਇਰ ਸੇਫਟੀ ਸਬੰਧੀ ਟ੍ਰੇਨਿੰਗ ਤੇ ਮੌਕ ਡਰਿੱਲ ਕਰਵਾਈ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਮਚਾਰੀਆਂ ਅਤੇ ਵਕੀਲਾਂ ਨੂੰ ਅੱਗ ਤੋਂ ਬਚਾਅ ਅਤੇ ਐਮਰਜੈਂਸੀ ਪ੍ਰਬੰਧਨ ਬਾਰੇ ਦਿੱਤੀ ਜਾਣਕਾਰੀ

ਤਰਨ ਤਾਰਨ/ਪੱਟੀ, 30 ਮਈ (ਨਵਦੀਪ ਸਿੰਘ):
ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜੁਡੀਸ਼ੀਅਲ ਕੋਰਟ ਕੰਪਲੈਕਸ ਪੱਟੀ ਵਿਖੇ ਫਾਇਰ ਸੇਫਟੀ ਸਬੰਧੀ ਟ੍ਰੇਨਿੰਗ ਅਤੇ ਮੌਕ ਡਰਿੱਲ ਕਰਵਾਈ ਗਈ। ਇਸ ਦੌਰਾਨ ਅਫ਼ਸਰਾਂ, ਕਰਮਚਾਰੀਆਂ ਅਤੇ ਬਾਰ ਐਸੋਸੀਏਸ਼ਨ ਪੱਟੀ ਦੇ ਮੈਂਬਰਾਂ ਨੂੰ ਅੱਗ ਲੱਗਣ ਦੀ ਐਮਰਜੈਂਸੀ ਸਥਿਤੀ ਦੌਰਾਨ ਬਚਾਅ ਅਤੇ ਸੁਰੱਖਿਆ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਬਾਰ ਐਸੋਸੀਏਸ਼ਨ ਪੱਟੀ ਦੇ ਮੈਂਬਰਾਂ ਨੇ ਪ੍ਰਧਾਨ ਕਵਲਜੀਤ ਸਿੰਘ ਬਾਠ ਦੀ ਅਗਵਾਈ ਹੇਠ ਵੱਧ-ਚੜ੍ਹ ਕੇ ਹਿੱਸਾ ਲਿਆ।
ਪੰਜਾਬ ਫਾਇਰ ਸਰਵਿਸ ਦੀ ਸਤੀਸ਼ ਸਲਵਾਨ ਦੀ ਅਗਵਾਈ ਵਾਲੀ ਜ਼ਿਲ੍ਹਾ ਫਾਇਰ ਵਿਭਾਗ ਦੀ ਟੀਮ, ਜਿਸ ਵਿੱਚ ਸਤਪਾਲ ਸਿੰਘ, ਰਮਨਦੀਪ ਸਿੰਘ, ਵਿਸ਼ਵਦੀਪ ਸਿੰਘ, ਸੁਖਦੇਵ ਸਿੰਘ ਅਤੇ ਕੋਮਲਜੀਤ ਸਿੰਘ ਸ਼ਾਮਲ ਸਨ, ਨੇ ਟ੍ਰੇਨਿੰਗ ਦੌਰਾਨ ਅੱਗ ਦੀਆਂ ਵੱਖ-ਵੱਖ ਕਿਸਮਾਂ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।

ਟੀਮ ਵੱਲੋਂ ਕਲਾਸ ਏ, ਬੀ, ਸੀ, ਡੀ ਅਤੇ ਈ ਅੱਗ ਦੀ ਪਛਾਣ ਕਰਵਾਉਂਦੇ ਹੋਏ ਉਨ੍ਹਾਂ ਨਾਲ ਨਜਿੱਠਣ ਲਈ ਵਰਤੇ ਜਾਣ ਵਾਲੇ ਸੁਰੱਖਿਆ ਉਪਕਰਣਾਂ ਅਤੇ ਤਰੀਕਿਆਂ ਬਾਰੇ ਦੱਸਿਆ ਗਿਆ। ਫੋਮ, ਕਾਰਬਨ ਡਾਈਆਕਸਾਈਡ ਅਤੇ ਡਰਾਈ ਕੈਮੀਕਲ ਪਾਊਡਰ ਫਾਇਰ ਐਕਸਟਿੰਗੂਇਸ਼ਰ ਦੀ ਵਰਤੋਂ ਦਾ ਪ੍ਰੈਕਟੀਕਲ ਡੈਮੋ ਵੀ ਦਿੱਤਾ ਗਿਆ।

ਇਸ ਮੌਕੇ ਟੀਮ ਨੇ (RACE) ਅਤੇ (PASS) ਵਿਧੀਆਂ ਬਾਰੇ ਵੀ ਵਿਸਥਾਰ ਨਾਲ ਸਮਝਾਇਆ। ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ ਅਲਾਰਮ ਵਜਾਉਣਾ, ਇਮਾਰਤ ਨੂੰ ਖਾਲੀ ਕਰਵਾਉਣਾ, ਲਿਫਟ ਦੀ ਵਰਤੋਂ ਤੋਂ ਬਚਣਾ ਅਤੇ 101 ਐਮਰਜੈਂਸੀ ਨੰਬਰ ‘ਤੇ ਸੰਪਰਕ ਕਰਨਾ ਲਾਜ਼ਮੀ ਹੈ।

ਟ੍ਰੇਨਿੰਗ ਦੇ ਅੰਤ ਵਿੱਚ ਮੌਕ ਡਰਿੱਲ ਕਰਵਾਈ ਗਈ, ਜਿਸ ਦੌਰਾਨ ਕਰਮਚਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਇਮਾਰਤ ਤੋਂ ਬਾਹਰ ਨਿਕਲਣ ਅਤੇ ਖੁੱਲ੍ਹੇ ਸਥਾਨ ‘ਤੇ ਇਕੱਠੇ ਹੋਣ ਦੀ ਪ੍ਰਕਿਰਿਆ ਦਾ ਅਭਿਆਸ ਕਰਵਾਇਆ ਗਿਆ।

Comments are closed.