ਡੀ.ਸੀ. ਕੋਮਲ ਮਿੱਤਲ ਵੱਲੋਂ ਨਗਰ ਕੌਂਸਲ ਖਰੜ ਅਤੇ ਰੋਟਰੀ ਕਲੱਬ ਖਰੜ ਦੀਆਂ ਦੋ ਫਿਊਨਰਲ ਵੈਨਾਂ ਲੋਕ ਸੇਵਾ ਲਈ ਸਮਰਪਿਤ
ਲੋੜਵੰਦ ਪਰਿਵਾਰਾਂ ਨੂੰ ਸੰਕਟ ਦੀ ਘੜੀ ਵਿੱਚ ਮਿਲੇਗੀ ਵੱਡੀ ਸਹੂਲਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਈ (ਪੁਸ਼ਪਿੰਦਰ ਸਿੰਘ ਕੁਰਾਲੀ): ਨਗਰ ਕੌਂਸਲ ਖਰੜ ਅਤੇ ਰੋਟਰੀ ਕਲੱਬ ਖਰੜ ਦੇ ਸਾਂਝੇ ਉਪਰਾਲੇ ਤਹਿਤ ਅੱਜ ਲੋਕ ਸੇਵਾ ਲਈ ਦੋ ਫਿਊਨਰਲ ਵੈਨਾਂ ਸਮਰਪਿਤ ਕੀਤੀਆਂ ਗਈਆਂ। ਇਸ ਸਬੰਧੀ ਆਯੋਜਿਤ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀਮਤੀ ਕੋਮਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਕੀਤੇ ਜਾਣ ਵਾਲੇ ਅਜਿਹੇ ਉਪਰਾਲੇ ਸਮਾਜ ਵਿੱਚ ਸਹਿਯੋਗ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਫਿਊਨਰਲ ਵੈਨਾਂ ਦੀ ਉਪਲਬਧਤਾ ਨਾਲ ਲੋੜਵੰਦ ਪਰਿਵਾਰਾਂ ਨੂੰ ਸੰਕਟ ਦੀ ਘੜੀ ਵਿੱਚ ਵੱਡੀ ਸਹੂਲਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਹ ਦੋਨੋਂ ਫਿਊਨਰਲ ਵੈਨਾਂ ਨਗਰ ਕੌਂਸਲ ਖਰੜ ਨੂੰ ਸੌਂਪੀਆਂ ਗਈਆਂ ਹਨ ਅਤੇ ਕੌਂਸਲ ਵੱਲੋਂ ਆਪਣੇ ਪੱਧਰ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਵੇਗੀ।
ਡੀ.ਸੀ. ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਨੂੰ ਸਫਲ ਬਣਾਉਣ ਲਈ ਸਮਾਜਿਕ ਸੰਸਥਾਵਾਂ ਅਤੇ ਐਨ.ਜੀ.ਓਜ਼ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਰੋਟਰੀ ਕਲੱਬ ਖਰੜ ਅਤੇ ਨਗਰ ਕੌਂਸਲ ਖਰੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੈਨਾਂ ਨੂੰ ਐਂਬੂਲੈਂਸ ਵਜੋਂ ਅਤੇ ਮ੍ਰਿਤਕ ਦੇਹ ਦੀ ਸੰਭਾਲ ਲਈ ਫ੍ਰੀਜ਼ਰ ਵਜੋਂ ਵੀ ਵਰਤਿਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਇਹ ਵੈਨਾਂ ਖਰੜ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀ ਸਹਾਇਤਾ ਲਈ ਸਮਰਪਿਤ ਕੀਤੀਆਂ ਗਈਆਂ ਹਨ ਤਾਂ ਜੋ ਲੋੜ ਦੇ ਸਮੇਂ ਪਰਿਵਾਰਾਂ ਨੂੰ ਤੁਰੰਤ ਸਹੂਲਤ ਮਿਲ ਸਕੇ।
ਇਸ ਮੌਕੇ ਗੁਰਮੀਤ ਸਿੰਘ ਐੱਸ.ਡੀ.ਐੱਮ. ਖਰੜ, ਰੋਟਰੀ ਕਲੱਬ ਖਰੜ ਦੇ ਪ੍ਰਧਾਨ ਹਿੰਮਤ ਸਿੰਘ, ਸਕੱਤਰ ਸੁਖਵਿੰਦਰ ਸਿੰਘ ਲੋਂਗੀਆ, ਪ੍ਰੋਜੈਕਟ ਚੇਅਰਮੈਨ ਕਮਲਦੀਪ ਸਿੰਘ ਟਿਵਾਣਾ ਅਤੇ ਹਰਿੰਦਰਪਾਲ ਸਿੰਘ ਸਟੇਜ ਸਕੱਤਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Comments are closed.