ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਮੋਰਿੰਡਾ ਵਿੱਚ ਲੱਗੇ ਕੂੜੇ ਦੇ ਢੇਰ

ਸ਼ਹਿਰ ਵਿੱਚ ਫੈਲੀ ਗੰਦਗੀ ਤੇ ਬਦਬੂ, ਲੋਕਾਂ ਨੇ ਬਿਮਾਰੀਆਂ ਦੇ ਖ਼ਤਰੇ ‘ਤੇ ਜਤਾਈ ਚਿੰਤਾ

ਮੋਰਿੰਡਾ, 9 ਮਈ (ਸੁਖਵਿੰਦਰ ਸਿੰਘ ਹੈਪੀ) — ਸ਼ਹਿਰ ਵਿੱਚ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸੜਕਾਂ, ਗਲੀਆਂ ਅਤੇ ਖਾਲੀ ਪਲਾਟਾਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਲੋਕਾਂ ਲਈ ਗੰਦ ਦੇ ਢੇਰਾਂ ਕੋਲੋਂ ਲੰਘਣਾ ਵੀ ਮੁਸ਼ਕਲ ਬਣ ਗਿਆ ਹੈ।

ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਿਆ ਕੂੜਾ ਹੁਣ ਸੜਨ ਲੱਗ ਪਿਆ ਹੈ, ਜਿਸ ਕਾਰਨ ਇਲਾਕੇ ਵਿੱਚ ਭਿਆਨਕ ਬਦਬੂ ਫੈਲ ਰਹੀ ਹੈ। ਗੰਦਗੀ ਦੇ ਢੇਰਾਂ ਉੱਤੇ ਆਵਾਰਾ ਪਸ਼ੂ ਅਤੇ ਕੁੱਤੇ ਮੰਡਰਾ ਰਹੇ ਹਨ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਹੋਰ ਵੱਧ ਗਿਆ ਹੈ। ਪੁਰਾਣੀ ਬਸੀ ਰੋਡ ਸਮੇਤ ਕਈ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੋਕਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ।

ਨੇੜਲੇ ਘਰਾਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿੱਚ ਇਹ ਹਾਲਾਤ ਡਾਇਰੀਆ, ਡੇਂਗੂ ਅਤੇ ਹੋਰ ਬਿਮਾਰੀਆਂ ਨੂੰ ਨਿਊਤਾ ਦੇ ਸਕਦੇ ਹਨ। ਲੋਕਾਂ ਮੁਤਾਬਕ ਕਈ ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਕਾਰਨ ਰਿਹਾਇਸ਼ੀ ਇਲਾਕਿਆਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ।

ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸਫਾਈ ਪ੍ਰਬੰਧ ਮੁੜ ਬਹਾਲ ਕਰਕੇ ਸ਼ਹਿਰ ਨੂੰ ਗੰਦਗੀ ਤੋਂ ਰਾਹਤ ਦਿਵਾਈ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੜਤਾਲ ਜਲਦੀ ਖਤਮ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।

Comments are closed.