ਸ੍ਰੋਮਣੀ ਅਕਾਲੀ ਦਲ ਨੇ ਕੁਰਾਲੀ ਨਗਰ ਕੌਂਸਲ ਚੋਣਾਂ ਲਈ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਰਵਿੰਦਰ ਸਿੰਘ ਖੇੜਾ ਨੇ ਵਰਕਰਾਂ ਨੂੰ ਉਮੀਦਵਾਰਾਂ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰਨ ਦੀ ਅਪੀਲ ਕੀਤੀ

ਕੁਰਾਲੀ, 14 ਮਈ (ਪੁਸ਼ਪਿੰਦਰ ਸਿੰਘ): ਸਥਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਪਾਰਟੀ ਨੇ ਸ਼ਹਿਰ ਦੇ 17 ਵਾਰਡਾਂ ਵਿੱਚੋਂ 8 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸਜੀਪੀਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਇੰਦਰਬੀਰ ਸਿੰਘ, ਪਰਦੀਪ ਕੁਮਾਰ ਰੂੜਾ, ਪ੍ਰੀਤਮਹਿੰਦਰ ਸਿੰਘ ਬਿੱਟਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਸ਼ਹਿਰ ਨੇ ਵੱਡੀ ਤਰੱਕੀ ਕੀਤੀ ਸੀ, ਜਦਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਦੀ ਕਮੇਟੀ ਅਤੇ ‘ਆਪ’ ਸਰਕਾਰ ਦੇ ਰਾਜ ਵਿੱਚ ਸ਼ਹਿਰ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਮੁੜ ਲੀਹ ’ਤੇ ਲਿਆਉਣ ਲਈ ਨਗਰ ਕੌਂਸਲ ਦੀ ਵਾਗਡੋਰ ਇਕ ਵਾਰ ਫਿਰ ਅਕਾਲੀ ਦਲ ਦੇ ਹੱਥ ਵਿੱਚ ਆਉਣੀ ਜ਼ਰੂਰੀ ਹੈ। ਰਵਿੰਦਰ ਸਿੰਘ ਖੇੜਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਵਾਰਡਾਂ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਪਾਰਟੀ ਉਮੀਦਵਾਰਾਂ ਦੀ ਡੱਟ ਕੇ ਮਦਦ ਕਰਨ ਅਤੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨ।

ਉਨ੍ਹਾਂ ਐਲਾਨ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਇਹ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗਾ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਵਾਰਡ ਨੰਬਰ 2 ਤੋਂ ਗੁਰਤੇਜ ਸਿੰਘ, ਵਾਰਡ ਨੰਬਰ 5 ਤੋਂ ਮਨਦੀਪ ਕੌਰ, ਵਾਰਡ ਨੰਬਰ 8 ਤੋਂ ਪਰਦੀਪ ਰੂੜਾ, ਵਾਰਡ ਨੰਬਰ 9 ਤੋਂ ਬੇਅੰਤ ਕੌਰ, ਵਾਰਡ ਨੰਬਰ 11 ਤੋਂ ਹਰਜੀਤ ਕੌਰ, ਵਾਰਡ ਨੰਬਰ 12 ਤੋਂ ਮਨਜੀਤ ਸਿੰਘ ਮਹਿਤੋਂ ਅਤੇ ਵਾਰਡ ਨੰਬਰ 15 ਤੋਂ ਰਣਧੀਰ ਕੌਰ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ।

ਮੀਟਿੰਗ ਦੌਰਾਨ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ ਪਾਰਟੀ ਉਮੀਦਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਨਮੋਹਨ ਸਿੰਘ ਮਾਵੀ, ਜਸਪਾਲ ਸਿੰਘ ਖ਼ਿਜ਼ਰਾਬਾਦ, ਬਲਵਿੰਦਰ ਸਿੰਘ ਰਕੌਲੀ, ਰਣਜੀਤ ਸਿੰਘ ਨੋਨਾ ਪਡਿਆਲਾ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।

Comments are closed.