ਮਹਿਲਾਵਾਂ ਦੇ ਸਸ਼ਕਤੀਕਰਨ ਨਾਲ ਹੀ ਦੇਸ਼ ਹੁੰਦਾ ਹੈ ਮਜ਼ਬੂਤ – ਅੰਜੂ ਵਰਮਾ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਇਆ ਵਿਸ਼ੇਸ਼ ਮਹਿਲਾ ਉੱਦਮੀ ਸਨਮਾਨ ਸਮਾਰੋਹ “ਆਪਣਾ ਕਾਰੋਬਾਰ, ਆਪਣੀ ਪਹਿਚਾਣ” ਤਹਿਤ ਮਹਿਲਾਵਾਂ ਨੂੰ ਕੀਤਾ ਗਿਆ ਸਨਮਾਨਿਤ
ਤਰਨ ਤਾਰਨ/ਖਡੂਰ ਸਾਹਿਬ, 6 ਮਾਰਚ (ਨਵਦੀਪ ਸ਼ੈਂਟੀ):
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ “ਆਪਣਾ ਕਾਰੋਬਾਰ, ਆਪਣੀ ਪਹਿਚਾਣ” ਮੁਹਿੰਮ ਤਹਿਤ ਹਲਕਾ ਖਡੂਰ ਸਾਹਿਬ ਦੀਆਂ ਮਹਿਲਾਵਾਂ ਲਈ ਇੱਕ ਵਿਸ਼ੇਸ਼ ਮਹਿਲਾ ਉੱਦਮੀ ਸਨਮਾਨ ਸਮਾਰੋਹ ਕਰਵਾਇਆ ਗਿਆ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾਵਾਂ ਦੇ ਸਸ਼ਕਤੀਕਰਨ, ਉਨ੍ਹਾਂ ਦੀ ਸਿਹਤ, ਰੋਜ਼ਗਾਰ ਅਤੇ ਆਰਥਿਕ ਸੁਤੰਤਰਤਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਸਮਾਰੋਹ ਵਿੱਚ ਜ਼ਿਲ੍ਹਾ ਸਕੱਤਰ ਮੈਡਮ ਅੰਜੂ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਆਪਣੇ ਸੰਬੋਧਨ ਦੌਰਾਨ ਅੰਜੂ ਵਰਮਾ ਨੇ ਕਿਹਾ ਕਿ ਜਿਸ ਦੇਸ਼ ਦੀਆਂ ਔਰਤਾਂ ਸਸ਼ਕਤ ਹੁੰਦੀਆਂ ਹਨ, ਉਹ ਦੇਸ਼ ਉਨਾ ਹੀ ਮਜ਼ਬੂਤ ਬਣਦਾ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਜਿਵੇਂ ਮਹਿਲਾ ਉੱਦਮੀ ਸਨਮਾਨ, ਸਿਹਤ ਕੈਂਪ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਮਹਿਲਾਵਾਂ ਦੀ ਸਿਹਤ ਜਾਂਚ ਅਤੇ ਜਾਗਰੂਕਤਾ ਸੈਸ਼ਨ ਵੀ ਕਰਵਾਏ ਗਏ ਅਤੇ ਹੋਣਹਾਰ ਬੇਟੀਆਂ ਅਤੇ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਮਹਿਲਾਵਾਂ ਦੇ ਸਸ਼ਕਤੀਕਰਨ ਬਾਰੇ ਵਿਸ਼ੇਸ਼ ਚਰਚਾ ਅਤੇ ਪ੍ਰੇਰਨਾਤਮਕ ਸੰਬੋਧਨ ਵੀ ਕੀਤੇ ਗਏ। ਇਹ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਤਮਨਿਰਭਰ ਅਤੇ ਮਜ਼ਬੂਤ ਬਣਾਉਣ ਲਈ ਚਲਾਈਆਂ ਜਾ ਰਹੀਆਂ ਨੀਤੀਆਂ ਦਾ ਹਿੱਸਾ ਸੀ, ਜਿਸ ਤਹਿਤ ਸੂਬੇ ਭਰ ਵਿੱਚ ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕਰਨ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਸੰਧੂ, ਚੇਅਰਮੈਨ ਅਮਿੰਦਰ ਸਿੰਘ ਐਮੀ, ਦਫਤਰ ਸਕੱਤਰ ਕੁਲਦੀਪ ਸਿੰਘ ਫੇਲੋਕੇ, ਚੇਅਰਮੈਨ ਗੌਰਵ ਰਾਮਪਾਲ, ਹਲਕਾ ਸੰਗਠਨ ਇੰਚਾਰਜ ਰਜਿੰਦਰ ਸਿੰਘ ਪੰਨੂ, ਇਸਤਰੀ ਵਿੰਗ ਹਲਕਾ ਕੋਆਰਡੀਨੇਟਰ ਨਰਿੰਦਰ ਪਾਲ ਕੌਰ, ਹਲਕਾ ਕੋਆਰਡੀਨੇਟਰ ‘ਯੁੱਧ ਨਸ਼ਿਆਂ ਵਿਰੁੱਧ’ ਜਸਕਰਨ ਸਿੰਘ ਲਾਡੀ ਅਤੇ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਸਮੇਤ ਹੋਰ ਮੋਹਤਬਰ ਆਗੂ ਅਤੇ ਸਰਪੰਚ ਵੀ ਮੌਜੂਦ ਸਨ।
Comments are closed.