ਚੇਅਰਮੈਨ ਦਿਲਬਾਗ ਸਿੰਘ ਸੰਧੂ ਵੱਲੋਂ ਲਗਭਗ 100 ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ
‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਤਹਿਤ ਮਹਿਲਾਵਾਂ ਨੂੰ ਸਵੈ-ਰੋਜ਼ਗਾਰ ਲਈ ਕੀਤਾ ਉਤਸ਼ਾਹਿਤ
ਪੱਟੀ, 6 ਮਾਰਚ (ਨਵਦੀਪ ਸ਼ੈਂਟੀ):
ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਂਝੇ ਮਿਸ਼ਨ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜ ਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਰਾਹੀਂ ਮਹਿਲਾਵਾਂ ਨੂੰ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਵੈ-ਰੁਜ਼ਗਾਰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਬਲਾਕ ਸੰਮਤੀ ਪੱਟੀ ਦੇ ਨਵ-ਨਿਯੁਕਤ ਚੇਅਰਮੈਨ ਦਿਲਬਾਗ ਸਿੰਘ ਸੰਧੂ (ਪੀ.ਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ) ਨੇ ਬਲਾਕ ਸੰਮਤੀ ਦਫ਼ਤਰ ਪੱਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਕੀਤਾ। ਇਹ ਸਮਾਗਮ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਕਰਵਾਇਆ ਗਿਆ।
ਚੇਅਰਮੈਨ ਦਿਲਬਾਗ ਸਿੰਘ ਸੰਧੂ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਨੂੰ ਬੈਂਕਾਂ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਮਹਿਲਾਵਾਂ ਨੂੰ ਘੱਟ ਵਿਆਜ ‘ਤੇ ਕਰਜ਼ਾ ਮਿਲ ਸਕੇ ਅਤੇ ਉਹ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰ ਸਕਣ।
ਇਸ ਮੌਕੇ ਚੇਅਰਮੈਨ ਸੰਧੂ ਵੱਲੋਂ ਲਗਭਗ 100 ਉੱਦਮੀ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਗਰਾਮ ਤਹਿਤ ਮਹਿਲਾਵਾਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਮੈਡਮ ਰਮਨਦੀਪ ਕੌਰ ਨੇ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਵੱਧ ਤੋਂ ਵੱਧ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਤਹਿਤ ਸਵੈ-ਸਹਾਇਤਾ ਸਮੂਹਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣਾ ਚਾਹੀਦਾ ਹੈ।
ਸਮਾਗਮ ਦੌਰਾਨ ਦਵਿੰਦਰ ਸਿੰਘ ਸੁਪਰਡੈਂਟ ਬਲਾਕ ਪੱਟੀ ਤੋਂ ਇਲਾਵਾ ਕੰਵਲਜੀਤ ਕੌਰ ਪ੍ਰਧਾਨ ਬਲਾਕ ਨੌਸ਼ਹਿਰਾ ਪੰਨੂਆਂ ਮਹਿਲਾ ਵਿੰਗ ਆਪ, ਬਲਾਕ ਸੰਮਤੀ ਪੱਟੀ ਮਹਿਲਾ ਵਿੰਗ ਦੀ ਪ੍ਰਧਾਨ ਸਰਬਜੀਤ ਕੌਰ, ਚਰਨਜੀਤ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ, ਉਮਾ ਮਹਿਤਾ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋਂ, ਸਰਪੰਚ ਗੁਰਜੀਤ ਸਿੰਘ ਮੰਡ ਠੱਕਰਪੁਰਾ, ਗੁਰਚੇਤ ਸਿੰਘ ਸੀਤੋ, ਦਲਜੀਤ ਸਿੰਘ, ਸਰਦੂਲ ਸਿੰਘ ਅਤੇ ਸਵੈ-ਰੁਜ਼ਗਾਰ ਸਮੂਹਾਂ ਦੇ ਮੈਂਬਰ ਵੀ ਹਾਜ਼ਰ ਸਨ।
Comments are closed.