ਪੰਜਾਬ ਦੀਆਂ ਸੜਕਾਂ ਤੋਂ ਲਾਵਾਰਸ ਗਊਧਨ ਖਤਮ ਕਰਨ ਦੀ ਮੁਹਿੰਮ ਦਾ ਆਗਾਜ਼: ਕੀਮਤੀ ਭਗਤ

ਸੁਨਾਮ ਤੋਂ ਸ਼ੁਰੂ ਹੋਈ ਮੁਹਿੰਮ, ਗਊਧਨ ਨੂੰ ਝਨੇੜੀ ਕੈਟਲ ਪਾਊਂਡ ਭੇਜਣ ਦੀ ਕਾਰਵਾਈ ਤੇਜ਼ ਕਰਨ ਦੇ ਹੁਕਮ

ਸੁਨਾਮ, 21 ਮਾਰਚ (ਕਰਨੈਲ ਜੀਤ):
ਪੰਜਾਬ ਵਿੱਚ ਲਾਵਾਰਸ ਗਊਧਨ ਦੀ ਸਮੱਸਿਆ ਦਾ ਪੱਕਾ ਹੱਲ ਲੱਭਣ ਵੱਲ ਇਕ ਅਹਿਮ ਕਦਮ ਚੁੱਕਦਿਆਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਸ਼੍ਰੀ ਕੀਮਤੀ ਭਗਤ ਵੱਲੋਂ ਅੱਜ ਨਗਰ ਕੌਂਸਲ ਸੁਨਾਮ ਦੇ ਦਫਤਰ ਨੇੜੇ ਤੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਸੜਕਾਂ ‘ਤੇ ਘੁੰਮ ਰਹੇ ਲਾਵਾਰਸ ਗਊਧਨ ਨੂੰ ਇਕੱਠਾ ਕਰਕੇ ਸਰਕਾਰੀ ਕੈਟਲ ਪਾਊਂਡ ਗਊਸ਼ਾਲਾ, ਪਿੰਡ ਝਨੇੜੀ ਭੇਜਿਆ ਜਾ ਰਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਗਊਧਨ ਦੀ ਸੰਭਾਲ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਦੀਆਂ ਸੜਕਾਂ ‘ਤੇ ਕੋਈ ਵੀ ਲਾਵਾਰਸ ਗਊਧਨ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਫਿਰਦਾ ਲਾਵਾਰਸ ਗਊਧਨ ਹਾਦਸਿਆਂ ਦਾ ਕਾਰਨ ਬਣਦਾ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਸਮਾਜਕ ਅਤੇ ਸਾਂਸਕ੍ਰਿਤਿਕ ਮੂਲਿਆਂ ਨੂੰ ਵੀ ਢਾਹ ਲਾਉਂਦਾ ਹੈ, ਜਿਸ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਲੱਭਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਝਨੇੜੀ, ਜ਼ਿਲ੍ਹਾ ਸੰਗਰੂਰ ਵਿੱਚ ਸਥਿਤ ਸਰਕਾਰੀ ਕੈਟਲ ਪਾਊਂਡ ਇੱਕ ਵੱਡਾ ਕੇਂਦਰ ਹੈ, ਜਿੱਥੇ ਗਊਧਨ ਲਈ ਰਹਿਣ, ਖੁਰਾਕ, ਪਾਣੀ ਅਤੇ ਸਿਹਤ ਸੇਵਾਵਾਂ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਹੁਣ ਜ਼ਿਲ੍ਹੇ ਭਰ ਵਿੱਚ ਤੇਜ਼ੀ ਨਾਲ ਚਲਾਈ ਜਾਵੇਗੀ ਅਤੇ ਜਲਦੀ ਹੀ ਪੰਜਾਬ ਦੀਆਂ ਸੜਕਾਂ ‘ਤੇ ਲਾਵਾਰਸ ਗਊਧਨ ਨਜ਼ਰ ਨਹੀਂ ਆਵੇਗਾ।

ਉਨ੍ਹਾਂ ਹੋਰ ਦੱਸਿਆ ਕਿ ਕੈਟਲ ਪਾਊਂਡ ਵਿੱਚ ਗਊਧਨ ਦੇ ਦਾਖਲੇ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਅਧਿਕਾਰੀਆਂ ਨੂੰ ਲੋੜੀਂਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਪ੍ਰਕਿਰਿਆ ਨੂੰ ਹੋਰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਇਲਾਕਿਆਂ ਵਿੱਚੋਂ ਲਾਵਾਰਸ ਗਊਧਨ ਨੂੰ ਇਕੱਠਾ ਕਰਕੇ ਤੁਰੰਤ ਝਨੇੜੀ ਕੈਟਲ ਪਾਊਂਡ ਭੇਜਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕੀਮਤੀ ਭਗਤ ਨੇ ਕਿਹਾ ਕਿ ਬੇਸਹਾਰਾ ਗਊਧਨ ਨੂੰ ਢੁੱਕਵਾਂ ਆਸਰਾ, ਸੰਭਾਲ ਅਤੇ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਦੱਸਿਆ ਕਿ ਗਊ ਸੈੱਸ ਰਾਹੀਂ ਇਕੱਠੀ ਕੀਤੀ ਰਕਮ ਦੀ ਪਾਰਦਰਸ਼ੀ ਵਰਤੋਂ ਕਰਕੇ ਗਊਸ਼ਾਲਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਨਗਰ ਕੌਂਸਲ ਦੇ ਨੁਮਾਇੰਦੇ, ਸਮਾਜਿਕ ਸੰਸਥਾਵਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।

ਸੁਨਾਮ ਵਿੱਚ ਲਾਵਾਰਸ ਗਊਧਨ ਨੂੰ ਕੈਟਲ ਪਾਊਂਡ ਭੇਜਣ ਲਈ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਵਾਈਸ ਚੇਅਰਮੈਨ ਕੀਮਤੀ ਭਗਤ ਅਤੇ ਹੋਰ ਅਧਿਕਾਰੀ।

Comments are closed.