ਪਰਾਲੀ ਨੂੰ ਅੱਗ ਨਾ ਲਾ ਕੇ ਮਿਸਾਲ ਬਣਿਆ ਪ੍ਰਗਤੀਸ਼ੀਲ ਕਿਸਾਨ ਹਰਭਜਨ ਸਿੰਘ

ਨਵੀਂ ਖੇਤੀ ਤਕਨੀਕਾਂ ਅਪਣਾ ਕੇ ਵਾਤਾਵਰਣ ਦੀ ਰੱਖਿਆ ਨਾਲ ਖੇਤੀ ਲਾਗਤ ਘਟਾਈ, ਹੋਰ ਕਿਸਾਨਾਂ ਲਈ ਬਣੇ ਪ੍ਰੇਰਣਾ ਸਰੋਤ

ਖਡੂਰ ਸਾਹਿਬ, 19 ਅਪ੍ਰੈਲ:
ਪੰਜਾਬ ਵਿੱਚ ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਦੇ ਦਰਮਿਆਨ ਪਿੰਡ ਜਲਾਲਾਬਾਦ (ਡੇਰਾ ਸੋਹਲ) ਦੇ ਪ੍ਰਗਤੀਸ਼ੀਲ ਕਿਸਾਨ ਹਰਭਜਨ ਸਿੰਘ ਨੇ ਨਵੀਂ ਸੋਚ ਅਪਣਾ ਕੇ ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ। ਉਹ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਨਾ ਸਿਰਫ ਵਾਤਾਵਰਣ ਦੀ ਰੱਖਿਆ ਕਰ ਰਹੇ ਹਨ, ਸਗੋਂ ਖੇਤੀ ਦੀ ਲਾਗਤ ਵਿੱਚ ਵੀ ਕਮੀ ਲਿਆ ਰਹੇ ਹਨ।

ਹਰਭਜਨ ਸਿੰਘ ਨੇ ਦੱਸਿਆ ਕਿ ਲਗਭਗ 10 ਸਾਲ ਪਹਿਲਾਂ ਉਹ ਵੀ ਪਰਾਲੀ ਸਾੜਦੇ ਸਨ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਅਤੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਸੀ। ਪਰ ਖੇਤੀਬਾੜੀ ਵਿਭਾਗ ਦੇ ਸਰਕਲ ਇੰਚਾਰਜ ਜਲਾਲਾਬਾਦ ਡਾ. ਯਾਦਵਿੰਦਰ ਸਿੰਘ ਦੀ ਪ੍ਰੇਰਣਾ ਨਾਲ ਉਨ੍ਹਾਂ ਨੇ ਹੈਪੀ ਸੀਡਰ ਅਤੇ ਸੁਪਰ ਐਸ.ਐਮ.ਐਸ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਸ਼ੁਰੂ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਮਿੱਟੀ ਵਿੱਚ ਮਿਲਾ ਦਿੱਤਾ ਜਾਂਦਾ ਹੈ, ਜਿਸ ਨਾਲ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ ਅਤੇ ਜੈਵਿਕ ਪਦਾਰਥ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਖਾਦ ਦੀ ਲੋੜ ਘਟਦੀ ਹੈ ਅਤੇ ਫਸਲ ਦੀ ਪੈਦਾਵਾਰ ਵਿੱਚ ਵੀ ਸੁਧਾਰ ਆਇਆ ਹੈ।
ਹਰਭਜਨ ਸਿੰਘ ਨੇ ਕਿਹਾ, “ਪਰਾਲੀ ਨੂੰ ਅੱਗ ਲਾਉਣ ਨਾਲ ਸਿਰਫ ਨੁਕਸਾਨ ਹੁੰਦਾ ਹੈ। ਜੇ ਅਸੀਂ ਨਵੀਂ ਤਕਨੀਕ ਅਪਣਾਈਏ ਤਾਂ ਇਹੀ ਪਰਾਲੀ ਸਾਡੇ ਲਈ ਖਾਦ ਬਣ ਸਕਦੀ ਹੈ।”

ਉਨ੍ਹਾਂ ਦੀ ਇਸ ਪਹਿਲ ਤੋਂ ਪ੍ਰੇਰਿਤ ਹੋ ਕੇ ਪਿੰਡ ਦੇ ਹੋਰ ਕਿਸਾਨ ਵੀ ਪਰਾਲੀ ਨਾ ਸਾੜਨ ਵੱਲ ਵੱਧ ਰਹੇ ਹਨ। ਖੇਤੀਬਾੜੀ ਅਫਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਨੇ ਵੀ ਹਰਭਜਨ ਸਿੰਘ ਦੀ ਪ੍ਰਸੰਸਾ ਕਰਦਿਆਂ ਹੋਰ ਕਿਸਾਨਾਂ ਨੂੰ ਇਹ ਮਾਡਲ ਅਪਣਾਉਣ ਦੀ ਅਪੀਲ ਕੀਤੀ।

ਇਸ ਦੇ ਨਾਲ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖਡੂਰ ਸਾਹਿਬ ਵਿਖੇ ਲਗਾਏ ਗਏ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਉਪ ਮੰਡਲ ਮੈਜਿਸਟਰੇਟ ਸੰਜੀਵ ਸ਼ਰਮਾ ਨੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਵਾਲੇ 25 ਕਿਸਾਨਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਸ ਨਾਲ ਹੋਰ ਕਿਸਾਨਾਂ ਵਿੱਚ ਵੀ ਜਾਗਰੂਕਤਾ ਵਧੇਗੀ।
ਇਸ ਮੌਕੇ ਡਾ. ਰੁਪਿੰਦਰਜੀਤ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਗੁਰਪ੍ਰਤਾਪ ਸਿੰਘ, ਕਮਲਜੀਤ ਕੌਰ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ।

Leave A Reply