ਪੋਸ਼ਣ ਪਖਵਾੜੇ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ

9 ਤੋਂ 23 ਅਪ੍ਰੈਲ ਤੱਕ ਚੱਲੀ ਮੁਹਿੰਮ ਦੌਰਾਨ ਪੋਸ਼ਣ ਅਤੇ ਸਿਹਤ ਬਾਰੇ ਦਿੱਤੀ ਗਈ ਵਿਸਤ੍ਰਿਤ ਜਾਣਕਾਰੀ

ਤਰਨ ਤਾਰਨ, 24 ਅਪ੍ਰੈਲ (ਨਵਦੀਪ ਸ਼ੰਟੀ)

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿੱਚ ਅੱਠਵਾਂ ਪੋਸ਼ਣ ਪਖਵਾੜਾ 9 ਅਪ੍ਰੈਲ 2026 ਤੋਂ 23 ਅਪ੍ਰੈਲ 2026 ਤੱਕ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਪੋਸ਼ਣ ਅਤੇ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਪਖਵਾੜੇ ਦੀ ਸ਼ੁਰੂਆਤ 9 ਅਪ੍ਰੈਲ ਨੂੰ ਉਦਘਾਟਨ ਸਮਾਰੋਹ ਨਾਲ ਹੋਈ, ਜਿਸ ਵਿੱਚ ਪੋਸ਼ਣ ਜਾਗਰੂਕਤਾ, ਘਰ-ਘਰ ਪੋਸ਼ਣ ਸੰਦੇਸ਼ ਅਤੇ ਸਹੀ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਵੱਖ-ਵੱਖ ਦਿਨਾਂ ਵਿੱਚ ਮਿੱਲਟਸ (ਮੋਟੇ ਅਨਾਜ) ਸੰਬੰਧੀ ਵਿਅੰਜਨ ਮੁਕਾਬਲੇ, ਗੰਭੀਰ ਕੁਪੋਸ਼ਣ ਪ੍ਰਬੰਧਨ ਮਾਡਿਊਲ ਬਾਰੇ ਜਾਗਰੂਕਤਾ ਸੈਸ਼ਨ, “ਦਾਦੀ ਮਾਂ ਦੇ ਨੁਸਖੇ”, ਯੁਵਾ ਸਮੂਹ ਮੀਟਿੰਗਾਂ ਅਤੇ 1000 ਦਿਨਾਂ ਦੀ ਜ਼ਿੰਦਗੀ ਬਾਰੇ ਚਰਚਾ ਕਰਵਾਈ ਗਈ।

ਇਸ ਲੜੀ ਵਿੱਚ ਬੱਚਿਆਂ ਵਿੱਚ ਮੋਟਾਪੇ ਬਾਰੇ ਲੈਕਚਰ, ਮੋਟੇ ਅਨਾਜ ਬਾਰੇ ਜਾਗਰੂਕਤਾ ਵੈਬ ਸੰਮੇਲਨ, ਤੰਦਰੁਸਤ ਬੱਚਾ ਮੁਕਾਬਲੇ ਅਤੇ ਘਰ-ਘਰ ਦੌਰੇ ਕਰਕੇ ਕੂਪੋਸ਼ਣ ਪ੍ਰਬੰਧਨ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਪੋਸ਼ਣ ਟ੍ਰੈਕਰ ਵਿੱਚ ਲਾਭਪਾਤਰੀ ਮਾਡਿਊਲ ਬਾਰੇ ਸਿੱਖਿਆ, ਘੱਟ ਲਾਗਤ ਵਾਲੀਆਂ ਪੋਸ਼ਣਯੁਕਤ ਵਿਅੰਜਨਾਂ ਦੀ ਆਨਲਾਈਨ ਜਾਗਰੂਕਤਾ ਅਤੇ ਸਥਾਨਕ ਖਿਲੌਣਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

21 ਅਪ੍ਰੈਲ ਨੂੰ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਸਿੱਖਿਆ ਸਬੰਧੀ ਵਿਸ਼ੇਸ਼ ਲੈਕਚਰ ਅਤੇ 22 ਅਪ੍ਰੈਲ ਨੂੰ ਖੂਨ ਦੀ ਕਮੀ (ਐਨੀਮੀਆ) ਬਾਰੇ ਆਨਲਾਈਨ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿੱਚ ਮਾਤਾਵਾਂ ਅਤੇ ਬੱਚਿਆਂ ਦੀ ਸਿਹਤ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।
23 ਅਪ੍ਰੈਲ ਨੂੰ ਪੋਸ਼ਣ ਪਖਵਾੜੇ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਆਂਗਣਵਾੜੀ ਵਰਕਰਾਂ, ਸਹਾਇਕਾਂ ਅਤੇ ਸਵੈ ਸਹਾਇਤਾ ਸਮੂਹਾਂ ਦੀ ਭਾਗੀਦਾਰੀ ਨਾਲ ਜਾਗਰੂਕਤਾ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਜੀਵ ਢਾਂਡਾ ਨੇ ਦੱਸਿਆ ਕਿ ਪੋਸ਼ਣ ਪਖਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਸੰਤੁਲਿਤ ਆਹਾਰ, ਮਾਂ ਅਤੇ ਬੱਚੇ ਦੀ ਸਿਹਤ, ਖੂਨ ਦੀ ਕਮੀ ਤੋਂ ਬਚਾਅ ਅਤੇ ਸਥਾਨਕ ਪੋਸ਼ਣਯੁਕਤ ਭੋਜਨ ਦੀ ਵਰਤੋਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਸਮਾਜ ਵਿੱਚ ਪੋਸ਼ਣ ਪ੍ਰਤੀ ਜਾਗਰੂਕਤਾ ਵਧਦੀ ਹੈ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਮਦਦ ਮਿਲਦੀ ਹੈ।

Comments are closed.