ਪਿੱਛਲੇ ਚਾਰ ਸਾਲਾਂ ਤੋਂ ਉਜਾੜ ਵਿੱਚ ਰਹਿਣ ਲਈ ਮਜਬੂਰ ਮਾਂ-ਪੁੱਤਰ ਨੂੰ ਪ੍ਰਭ ਆਸਰਾ ਸੰਸਥਾ ਵਿੱਚ ਮਿਲਿਆ ਸਹਾਰਾ
ਆਰਥਿਕ ਤੌਰ ‘ਤੇ ਮਜ਼ਬੂਤ ਪਰਿਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਤਰਸਯੋਗ ਹਾਲਾਤਾਂ ਵਿੱਚ ਬਿਤਾ ਰਹੇ ਸਨ ਜੀਵਨ
ਚੰਡੀਗੜ੍ਹ, 7 ਮਈ (ਪੁਸ਼ਪਿੰਦਰ ਸਿੰਘ ਕੁਰਾਲੀ): ਕੁਰਾਲੀ ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਸਥਿਤ ਲਾਵਾਰਿਸ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਨੇ ਲੰਮੇ ਸਮੇਂ ਤੋਂ ਉਜਾੜ ਵਿੱਚ ਰਹਿ ਰਹੇ ਮਾਂ-ਪੁੱਤਰ ਨੂੰ ਸ਼ਰਨ ਦਿੱਤੀ ਹੈ।
ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਸੰਜੀਵ ਬੇਦੀ (61) ਅਤੇ ਉਨ੍ਹਾਂ ਦੀ ਮਾਤਾ ਕਿਰਨ ਬੇਦੀ (85), ਸਥਾਨਕ ਲੋਕਾਂ ਮੁਤਾਬਿਕ, ਪਿਛਲੇ ਕਰੀਬ ਚਾਰ ਸਾਲਾਂ ਤੋਂ ਬਿਨਾਂ ਛੱਤ, ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਅੱਤ ਦੀ ਗਰਮੀ, ਸਰਦੀ, ਹਨੇਰੀਆਂ ਅਤੇ ਝੱਖੜਾਂ ਵਿੱਚ ਬਹੁਤ ਹੀ ਤਰਸਯੋਗ ਹਾਲਾਤਾਂ ਵਿੱਚ ਉਜਾੜ ਥਾਂ ‘ਤੇ ਜੀਵਨ ਬਤੀਤ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਪ੍ਰਭ ਆਸਰਾ ਦੀ ਟੀਮ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਭਾਈ ਸ਼ਮਸ਼ੇਰ ਸਿੰਘ ਆਪਣੀ ਪੈਰਾਮੈਡੀਕਲ ਟੀਮ ਨਾਲ ਫੇਜ਼-6 ਮੋਹਾਲੀ ਪਹੁੰਚੇ। ਉੱਥੇ ਉਨ੍ਹਾਂ ਨੇ ਦੇਖਿਆ ਕਿ ਸੰਜੀਵ ਬੇਦੀ ਬਿਮਾਰ ਹਾਲਤ ਵਿੱਚ ਪਏ ਸਨ, ਜਦਕਿ ਉਨ੍ਹਾਂ ਦੀ ਮਾਤਾ ਰੋਟੀ ਦੀ ਭਾਲ ਵਿੱਚ ਭਟਕ ਰਹੀ ਸੀ। ਦੋਵਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਭੁੱਖੇ ਸਨ।
ਉਨ੍ਹਾਂ ਦੇ ਦੱਸਣ ਅਨੁਸਾਰ ਉਹ ਚੰਡੀਗੜ੍ਹ ਦੇ ਸੈਕਟਰ-45 ਦੇ ਵਸਨੀਕ ਹਨ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਪਰਿਵਾਰ ਨਾਲ ਸਬੰਧਿਤ ਹਨ। ਦੱਸਿਆ ਗਿਆ ਕਿ ਵਿਧਵਾ ਮਾਤਾ ਵੱਲੋਂ ਤਿੰਨ ਕੋਠੀਆਂ ਬੱਚਿਆਂ ਵਿੱਚ ਵੰਡਣ ਤੋਂ ਬਾਅਦ, ਪੁੱਤਰ, ਜਿਸ ਕੋਲ ਤਿੰਨ ਫੈਕਟਰੀਆਂ ਹੋਣ ਦੀ ਗੱਲ ਕਹੀ ਜਾ ਰਹੀ ਹੈ, ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਉਹ ਬੇਸਹਾਰਾ ਹਾਲਾਤਾਂ ਵਿੱਚ ਜੀਵਨ ਬਿਤਾਉਣ ਲਈ ਮਜਬੂਰ ਹੋ ਗਏ।
ਇਸ ਮਾਮਲੇ ਵਿੱਚ ਜਦੋਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਇੱਕ ਪਰਿਵਾਰਕ ਮੈਂਬਰ ਨੇ ਸਪੱਸ਼ਟ ਕਿਹਾ ਕਿ ਉਹ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕਦੇ ਅਤੇ ਇਸ ਸਬੰਧੀ ਫੈਸਲਾ ਪ੍ਰਸ਼ਾਸਨ ਜਾਂ ਸੰਸਥਾ ਆਪਣੇ ਤੌਰ ‘ਤੇ ਕਰੇ।
ਅਜਿਹੇ ਤਰਸਯੋਗ ਹਾਲਾਤਾਂ ਨੂੰ ਦੇਖਦਿਆਂ ਪ੍ਰਭ ਆਸਰਾ ਸੰਸਥਾ ਨੇ ਦੋਵਾਂ ਨੂੰ ਸੰਭਾਲ ਅਤੇ ਇਲਾਜ ਲਈ ਆਪਣੇ ਕੋਲ ਦਾਖਲ ਕਰ ਲਿਆ ਹੈ। ਸੰਸਥਾ ਵੱਲੋਂ ਉਨ੍ਹਾਂ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਮਾਮਲਾ ਅੱਜ ਸਾਡੀ ਇਨਸਾਨੀਅਤ ਅਤੇ ਸਮਾਜਿਕ ਜ਼ਿੰਮੇਵਾਰੀਆਂ ‘ਤੇ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
Comments are closed.