“ਪੋਸ਼ਣ ਵੀ, ਪੜ੍ਹਾਈ ਵੀ” ਅਭਿਆਨ ਤਹਿਤ ਭਿੱਖੀਵਿੰਡ ਤੇ ਗੰਡੀਵਿੰਡ ਵਿੱਚ ਤੀਜੇ ਬੈਚ ਦੀ ਟ੍ਰੇਨਿੰਗ ਸ਼ੁਰੂ ਆਂਗਨਵਾੜੀ ਵਰਕਰਾਂ ਦੀ ਸਮਰੱਥਾ ਵਧਾਉਣ ਲਈ ਟਾਇਰ-2 (ਫੇਜ਼-2) ਟ੍ਰੇਨਿੰਗ

ਨਵਦੀਪ ਸ਼ੈਂਟੀ

ਤਰਨ ਤਾਰਨ, 10 ਫਰਵਰੀ — ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਯੋਜਨਾ ਤਹਿਤ ਚਲਾਏ ਜਾ ਰਹੇ “ਪੋਸ਼ਣ ਵੀ, ਪੜ੍ਹਾਈ ਵੀ” ਅਭਿਆਨ ਅਧੀਨ ਬਲਾਕ ਭਿੱਖੀਵਿੰਡ ਅਤੇ ਗੰਡੀਵਿੰਡ ਵਿੱਚ ਆਂਗਨਵਾੜੀ ਵਰਕਰਾਂ ਲਈ ਟਾਇਰ-2 (ਫੇਜ਼-2) ਟ੍ਰੇਨਿੰਗ ਦੇ ਤੀਜੇ ਬੈਚ ਦੀ ਅੱਜ ਸ਼ੁਰੂਆਤ ਕੀਤੀ ਗਈ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤਰਨ ਤਾਰਨ ਰਾਹੁਲ ਅਰੋੜਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਨਵਾੜੀ ਕੇਂਦਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਲਈ ਖੇਡ-ਅਧਾਰਿਤ ਅਤੇ ਬੱਚਾ-ਕੇਂਦਰਿਤ ਸਿੱਖਣ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣਾ ਹੈ, ਤਾਂ ਜੋ ਬੱਚਿਆਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ।

ਟ੍ਰੇਨਿੰਗ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੀ ਟੀਮ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਨਵੀਂ ਸੋਚ ਵਾਲੀਆਂ ਸਿੱਖਣ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿੱਚ ਕਹਾਣੀ ਕਥਨ ਅਤੇ ਤਸਵੀਰਾਂ ਰਾਹੀਂ ਭਾਸ਼ਾ ਵਿਕਾਸ, ਪਹੇਲੀਆਂ ਅਤੇ ਗਿਣਤੀ ਖੇਡਾਂ ਰਾਹੀਂ ਬੌਧਿਕ ਵਿਕਾਸ, ਰੰਗ ਭਰਨ ਅਤੇ ਕਾਗਜ਼ ਕਟਾਈ ਰਾਹੀਂ ਰਚਨਾਤਮਕ ਵਿਕਾਸ, ਹਲਕੀ ਕਸਰਤਾਂ ਅਤੇ ਤਾਲਬੱਧ ਗੀਤਾਂ ਰਾਹੀਂ ਸਰੀਰਕ ਵਿਕਾਸ, ਜਦਕਿ ਲੋਕ ਗੀਤਾਂ, ਸਥਾਨਕ ਕਹਾਣੀਆਂ ਅਤੇ ਰਿਵਾਇਤੀ ਖੇਡਾਂ ਰਾਹੀਂ ਸੱਭਿਆਚਾਰਕ ਵਿਕਾਸ ਨਾਲ ਸਬੰਧਤ ਅਭਿਆਸ ਕਰਵਾਏ ਗਏ।

ਇਸ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਨੂੰ ਰੋਜ਼ਾਨਾ ਗਤੀਵਿਧੀ ਯੋਜਨਾ ਤਿਆਰ ਕਰਨ, ਬੱਚਿਆਂ ਨਾਲ ਪ੍ਰਭਾਵਸ਼ਾਲੀ ਸੰਵਾਦ ਵਧਾਉਣ, ਸਿੱਖਣ ਸਮੱਗਰੀ ਦੀ ਸਹੀ ਵਰਤੋਂ ਅਤੇ ਕਲਾਸਰੂਮ ਪ੍ਰਬੰਧਨ ਬਾਰੇ ਵੀ ਵਿਹਾਰਕ ਟ੍ਰੇਨਿੰਗ ਦਿੱਤੀ ਗਈ।

ਇਹ ਟ੍ਰੇਨਿੰਗ ਸੈਸ਼ਨ ਪ੍ਰਭਦੀਪ ਕੌਰ (ਜ਼ਿਲ੍ਹਾ ਕੋਆਰਡੀਨੇਟਰ, ਤਰਨ ਤਾਰਨ), ਸਾਹਿਲਪ੍ਰੀਤ ਕੌਰ (ਸਹਾਇਕ ਜ਼ਿਲ੍ਹਾ ਕੋਆਰਡੀਨੇਟਰ) ਅਤੇ ਨਵਦੀਪ ਕੌਰ (ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਅੰਮ੍ਰਿਤਸਰ) ਵੱਲੋਂ ਕਰਵਾਇਆ ਗਿਆ। ਇਸ ਮੌਕੇ ਗੁਰਵੇਲ ਸਿੰਘ (ਜ਼ਿਲ੍ਹਾ ਕੋਆਰਡੀਨੇਟਰ, ਪੋਸ਼ਣ ਅਭਿਆਨ), ਮਨਪ੍ਰੀਤ ਕੌਰ (ਬਲਾਕ ਕੋਆਰਡੀਨੇਟਰ, ਪੋਸ਼ਣ ਅਭਿਆਨ), ਕੰਵਲਜੀਤ ਕੌਰ (ਸੁਪਰਵਾਈਜ਼ਰ, ਬਲਾਕ ਗੰਡੀਵਿੰਡ) ਅਤੇ ਇੰਦੂ ਬਾਲਾ (ਸੁਪਰਵਾਈਜ਼ਰ, ਬਲਾਕ ਚੋਹਲਾ ਸਾਹਿਬ) ਨੇ ਵੀ ਟ੍ਰੇਨਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਸਹਿਯੋਗ ਦਿੱਤਾ।

ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਨਾਲ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਹਾਜ਼ਰੀ, ਰੁਚੀ ਅਤੇ ਸਿੱਖਣ ਦੇ ਪੱਧਰ ਵਿੱਚ ਸੁਧਾਰ ਆਵੇਗਾ।

Leave A Reply