ਕਾਂਗਰਸੀ ਉਮੀਦਵਾਰ ਤਰਸੇਮ ਲਾਲ ਨੇ ਖੋਲ੍ਹਿਆ ਚੋਣ ਦਫ਼ਤਰ

ਸਾਬਕਾ ਮੀਤ ਪ੍ਰਧਾਨ ਸੁੱਚਾ ਰਾਮ ਤੇ ਸਾਬਕਾ ਕੌਂਸਲਰ ਪਰਮਜੀਤ ਕੌਰ ਵੱਲੋਂ ਹਮਾਇਤ ਦਾ ਐਲਾਨ

ਮੋਰਿੰਡਾ, ( ਕਰਨੈਲ ਜੀਤ): ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਨੌਜਵਾਨ ਆਗੂ ਤਰਸੇਮ ਲਾਲ ਨੇ ਅੱਜ ਆਪਣਾ ਚੋਣ ਦਫ਼ਤਰ ਖੋਲ੍ਹ ਕੇ ਚੋਣ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ। ਚੋਣ ਦਫ਼ਤਰ ਦਾ ਉਦਘਾਟਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀਂ ਵੱਲੋਂ ਕੀਤਾ ਗਿਆ।

ਇਸ ਮੌਕੇ ਨਵਜੀਤ ਸਿੰਘ ਨਵੀਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਾਰਿਆਂ ਦੀ ਸਰਕਾਰ ਸਾਬਤ ਹੋਈ ਹੈ। ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਨੂੰ ਲਾਠੀਆਂ ਨਾਲ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦਿਨੋਂ-ਦਿਨ ਵੱਧ ਰਹੀ ਹੈ, ਜਦਕਿ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਇਸ ਕਾਰਨ ਪੰਜਾਬ ਦਾ ਹਰ ਵਰਗ ਆਪ ਸਰਕਾਰ ਤੋਂ ਨਿਰਾਸ਼ ਹੈ ਅਤੇ ਇਸ ਨੂੰ ਚੱਲਦਾ ਕਰਨ ਲਈ ਸਹੀ ਸਮੇਂ ਦੀ ਉਡੀਕ ਕਰ ਰਿਹਾ ਹੈ।

ਉਨ੍ਹਾਂ ਵਾਰਡ ਨੰਬਰ 12 ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਰਸੇਮ ਲਾਲ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਬਣਾਉਣ ਤਾਂ ਜੋ ਸ਼ਹਿਰ ਅਤੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ।

ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਮਿਲਕ ਪਲਾਂਟ ਮੋਹਾਲੀ ਦੇ ਡਾਇਰੈਕਟਰ ਬਲਜਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਮੀਤ ਪ੍ਰਧਾਨ ਸੁੱਚਾ ਰਾਮ, ਸਾਬਕਾ ਕੌਂਸਲਰ ਪਰਮਜੀਤ ਕੌਰ, ਪੀਏਡੀ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਚੌਧਰੀ ਕੌਰ ਸਿੰਘ, ਸੰਤ ਸਿੰਘ, ਪ੍ਰਕਾਸ਼ ਸਿੰਘ, ਕੁਲਵਿੰਦਰ ਸਿੰਘ ਮਸ਼ਾਲ, ਨੌਜਵਾਨ ਆਗੂ ਬੀਰ ਯਾਦਵਿੰਦਰ ਸਿੰਘ, ਵਿਦਿਆਰਥੀ ਆਗੂ ਸੰਦੀਪ ਸਿੰਘ ਲੱਕੀ, ਪ੍ਰਦੀਪ ਸਿੰਘ ਟੋਨੀ, ਅਮਰਜੀਤ ਸਿੰਘ, ਕੁਲਵੀਰ ਸਿੰਘ ਅਤੇ ਰਣਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Comments are closed.