ਅਵਾਰਾ ਕੁੱਤਿਆਂ ਦੇ ਕਹਿਰ ਖ਼ਿਲਾਫ਼ ਲੋਕਾਂ ਦਾ ਭਾਰੀ ਰੋਸ, ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ

ਮਾਸੂਮ ਕੀਰਤੀ ਦੀ ਦਰਦਨਾਕ ਮੌਤ ਤੋਂ ਬਾਅਦ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਤੁਰੰਤ ਕਾਰਵਾਈ ਅਤੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ

11 ਜੂਨ 2026 (ਵੀਰਵਾਰ) / ਕਰਨੈਲ ਜੀਤ
ਮੋਰਿੰਡਾ : ਸਥਾਨਕ ਵਾਰਡ ਨੰਬਰ 1 ਦੀ ਗ੍ਰੀਨ ਇਨਕਲੇਵ ਕਲੋਨੀ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਮਾਸੂਮ ਬੱਚੀ ਕੀਰਤੀ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਸ਼ਹਿਰ ਭਰ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੇ ਮੱਦੇਨਜ਼ਰ ਅੱਜ ਨਗਰ ਕੌਂਸਲ ਮੋਰਿੰਡਾ ਵਿਖੇ ਵੱਖ-ਵੱਖ ਸਿਆਸੀ ਤੇ ਸਮਾਜਿਕ ਜਥੇਬੰਦੀਆਂ, ਕੌਂਸਲਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਮੂਹ ਹਾਜ਼ਰ ਲੋਕਾਂ ਨੇ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਪ੍ਰਸ਼ਾਸਨ ਤੋਂ ਸਖ਼ਤ ਅਤੇ ਤੁਰੰਤ ਕਾਰਵਾਈ ਦੀ ਮੰਗ ਉਠਾਈ।
ਇਸ ਦੌਰਾਨ ਕਾਂਗਰਸ ਪਾਰਟੀ ਬਲਾਕ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਮੰਡਲ ਮੋਰਿੰਡਾ ਦੇ ਆਗੂ ਰਾਜੇਸ਼ ਭਾਟੀਆ, ਸਮਾਜ ਸੇਵਕ ਜਤਿੰਦਰ ਗੁੰਬਰ ਅਤੇ ਹੋਰ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਤੌਰ ’ਤੇ ਐਸ.ਡੀ.ਐਮ. ਮੋਰਿੰਡਾ ਸ੍ਰੀ ਚੇਤਨ ਬੰਗੜ ਨੂੰ ਮੰਗ ਪੱਤਰ ਸੌਂਪ ਕੇ ਅਵਾਰਾ ਕੁੱਤਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਅਤੇ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ, ਹਰਮਿੰਦਰ ਸਿੰਘ ਲੱਕੀ, ਜਤਿੰਦਰ ਗੁੰਬਰ ਅਤੇ ਨਵਦੀਪ ਸਿੰਘ ਟੋਨੀ ਨੇ ਕਿਹਾ ਕਿ ਮੋਰਿੰਡਾ ਵਿੱਚ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਇਹ ਮਾਮਲੇ ਅਖ਼ਬਾਰਾਂ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦੇ ਜਾਂਦੇ ਰਹੇ ਹਨ। ਇਸ ਦੇ ਬਾਵਜੂਦ ਅੱਜ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਮੰਗ ਕੀਤੀ ਕਿ ਖਤਰਨਾਕ ਅਵਾਰਾ ਕੁੱਤਿਆਂ ਨੂੰ ਤੁਰੰਤ ਫੜ ਕੇ ਡੌਗ ਸ਼ੈਲਟਰਾਂ ਵਿੱਚ ਭੇਜਿਆ ਜਾਵੇ, ਨਸਬੰਦੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਤੋਂ ਰਾਹਤ ਦਿੱਤੀ ਜਾਵੇ।
ਐਸ.ਡੀ.ਐਮ. ਚੇਤਨ ਬੰਗੜ ਨੇ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਐਮ.ਸੀ. ਗੁੰਜਨ ਸੂਦ, ਮਹਿੰਦਰ ਸਿੰਘ ਢਿੱਲੋਂ, ਰਾਹੁਲ ਸ਼ਰਮਾ, ਹਰਜੀਤ ਸਿੰਘ ਸੋਢੀ, ਮਨਦੀਪ ਸਿੰਘ ਬਾਜਵਾ, ਰਾਜੇਸ਼ ਸਸੋਦੀਆ, ਰੁਪਿੰਦਰ ਸਿੰਘ ਪਿਚਰਾ, ਗੁਰਸੇਵਕ ਸਿੰਘ ਗੁਰੂ, ਸੰਗਤ ਸਿੰਘ ਭਾਮੀਆ, ਹਰਜਿੰਦਰ ਸਿੰਘ ਛਿੱਬਰ, ਰਾਜਪ੍ਰੀਤ ਸਿੰਘ ਰਾਜੀ, ਜਗਪਾਲ ਸਿੰਘ ਜੌਲੀ, ਚੂਚੂ ਸੂਦ, ਬਲਵਿੰਦਰ ਸਿੰਘ ਮਾੜੂ, ਜਗਤਾਰ ਸਿੰਘ ਅਰਨੌਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਸਮਾਜ ਸੇਵਕ ਅਤੇ ਪਤਵੰਤੇ ਸੱਜਣ ਹਾਜ਼ਰ ਸਨ। :::

Comments are closed.