ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼
ਜ਼ਿਲ੍ਹਾ ਪ੍ਰਧਾਨ ਲਈ ਨਵਜੀਤ ਨਵੀ ਅਤੇ ਹਲਕਾ ਪ੍ਰਧਾਨ ਲਈ ਜੁਗਰਾਜ ਮਾਵੀ ਮੈਦਾਨ ਵਿੱਚ
ਮੋਰਿੰਡਾ: ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਅਤੇ ਜ਼ਿਲ੍ਹਾ ਪੱਧਰ ਦੇ ਮੁੱਖ ਅਹੁਦਿਆਂ ਲਈ ਚਾਹਵਾਨ ਯੂਥ ਕਾਂਗਰਸੀ ਆਗੂ ਆਨਲਾਈਨ ਮੈਂਬਰਸ਼ਿਪ ਮੁਹਿੰਮ ਰਾਹੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜਨ ਵਿੱਚ ਜੁਟੇ ਹੋਏ ਹਨ।
ਇਸੇ ਲੜੀ ਤਹਿਤ ਜ਼ਿਲ੍ਹਾ ਰੂਪਨਗਰ ਯੂਥ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ ਚੋਣ ਮੈਦਾਨ ਵਿੱਚ ਉਤਰੇ ਹਨ। ਉਹ ਪਹਿਲਾਂ ਵੀ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਨਵਜੀਤ ਸਿੰਘ ਨਵੀ ਵੱਲੋਂ ਮੁੜ ਤੋਂ ਜ਼ਿਲ੍ਹਾ ਪ੍ਰਧਾਨਗੀ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ ਗਈ ਹੈ।
ਉਧਰ, ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਯੂਥ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਜੁਗਰਾਜ ਸਿੰਘ ਮਾਵੀ ਵੀ ਚੋਣ ਮੈਦਾਨ ਵਿੱਚ ਹਨ।
ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਢੀਂਡਸਾ, ਰਣਜੋਤ ਸਿੰਘ ਖੱਟੜਾ ਅਤੇ ਹਰਜੋਤ ਸਿੰਘ ਢੰਗਰਾਲੀ ਨੇ ਦੱਸਿਆ ਕਿ ਜ਼ਿਲ੍ਹਾ ਯੂਥ ਕਾਂਗਰਸ ਦੀ ਚੋਣ ਲਈ ਨਵਜੀਤ ਸਿੰਘ ਨਵੀ ਜੋ ਪਹਿਲਾਂ ਵੀ ਵੱਡੇ ਫਰਕ ਨਾਲ ਚੋਣ ਜਿੱਤ ਕੇ ਪ੍ਰਧਾਨ ਬਣੇ ਸਨ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸੇ ਤਰ੍ਹਾਂ ਸਾਬਕਾ ਬਲਾਕ ਸੰਮਤੀ ਚੇਅਰਪਰਸਨ ਬਲਜੀਤ ਕੌਰ ਸਮਾਣਾ ਅਤੇ ਸਮਾਜ ਸੇਵੀ ਆਗੂ ਤਰਲੋਚਨ ਸਿੰਘ ਮਾਵੀ ਦੇ ਸਪੁੱਤਰ ਜੁਗਰਾਜ ਸਿੰਘ ਮਾਵੀ, ਜੋ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਹਨ, ਨੂੰ ਵੀ ਹਰ ਪਿੰਡ ਅਤੇ ਸ਼ਹਿਰ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ।
ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਦੋਵੇਂ ਉਮੀਦਵਾਰ ਸਿਆਸਤ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਸਰਗਰਮ ਰਹੇ ਹਨ। ਉਨ੍ਹਾਂ ਸਮੂਹ ਯੂਥ ਕਾਂਗਰਸੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੋਵਾਂ ਆਗੂਆਂ ਦੇ ਹੱਕ ਵਿੱਚ ਵੱਧ ਤੋਂ ਵੱਧ ਆਨਲਾਈਨ ਵੋਟਾਂ ਪਾ ਕੇ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾਇਆ ਜਾਵੇ, ਕਿਉਂਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰ ਅਤੇ ਸਮਰਪਿਤ ਨੌਜਵਾਨਾਂ ਦਾ ਅੱਗੇ ਆਉਣਾ ਜ਼ਰੂਰੀ ਹੈ।
Watch next news YouTube