ਪਿਛਲੀਆਂ ਸਰਕਾਰਾਂ ਨੇ ਝੂਠ ਦੀ ਰਾਜਨੀਤੀ ਕੀਤੀ ਮੇਜਰ ਅੰਜੂ ਬਾਲਾ ਸਿੰਘ
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਮੌਕੇ ਕੱਲ੍ਹ ਸ੍ਰੀ ਚਮਕੌਰ ਸਾਹਿਬ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਮੇਜਰ ਅੰਜੂ ਬਾਲਾ ਸਿੰਘ
ਮੋਰਿੰਡਾ, 16 ਫਰਵਰੀ (ਕਰਨੈਲ ਜੀਤ) — ਭਾਰਤੀ ਜਨਤਾ ਪਾਰਟੀ ਐਸ.ਸੀ. ਵਿੰਗ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਮੇਜਰ ਅੰਜੂ ਬਾਲਾ ਸਿੰਘ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਝੂਠ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ।
ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਨਹੀਂ, ਸੇਵਾ ਦੀ ਭਾਵਨਾ ਨਾਲ ਸ੍ਰੀ ਚਮਕੌਰ ਸਾਹਿਬ ਦੀ ਜਨਤਾ ਵਿੱਚ ਆਏ ਹਨ ਅਤੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੁੰਦੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਨੁਮਾਇੰਦਿਆਂ ਨੇ ਸਾਲਾਂ ਤੱਕ ਝੂਠੇ ਵਾਅਦਿਆਂ ਅਤੇ ਭਰਮਿਤ ਕਰਨ ਵਾਲੇ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ, ਪਰ ਖੇਤਰ ਦਾ ਅਸਲ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਵੀ ਸ੍ਰੀ ਚਮਕੌਰ ਸਾਹਿਬ ਖੇਤਰ ਬੁਨਿਆਦੀ ਸੁਵਿਧਾਵਾਂ ਲਈ ਸੰਘਰਸ਼ ਕਰ ਰਿਹਾ ਹੈ।
ਮੈਜਰ ਅੰਜੂ ਬਾਲਾ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਉੱਚ ਸਿੱਖਿਆ ਲਈ ਕੋਈ ਵੱਡਾ ਸਿੱਖਿਆ ਸੰਸਥਾਨ ਨਹੀਂ ਹੈ ਅਤੇ ਨਾ ਹੀ ਇੰਜੀਨੀਅਰਿੰਗ ਜਾਂ ਮੈਡੀਕਲ ਕਾਲਜ ਮੌਜੂਦ ਹੈ। ਇਸ ਕਾਰਨ ਨੌਜਵਾਨਾਂ ਨੂੰ ਪੜ੍ਹਾਈ ਲਈ ਹੋਰ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ, ਜਿਸ ਨਾਲ ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ਵਧਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖੇਤਰ ਵਿੱਚ ਆਧੁਨਿਕ ਸੁਵਿਧਾਵਾਂ ਵਾਲਾ ਹਸਪਤਾਲ ਤੱਕ ਨਹੀਂ, ਜਿਸ ਕਰਕੇ ਲੋਕਾਂ ਨੂੰ ਇਲਾਜ ਲਈ ਦੂਰ ਦਰਾਜ਼ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਹੈ।
ਭਵਿੱਖ ਦੀ ਕਾਰਜ ਯੋਜਨਾ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਨੂੰ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਯਤਨ ਕੀਤੇ ਜਾਣਗੇ। ਉੱਚ ਸਿੱਖਿਆ ਸੰਸਥਾਨ, ਤਕਨੀਕੀ ਕਾਲਜ ਅਤੇ ਆਧੁਨਿਕ ਸਰਕਾਰੀ ਹਸਪਤਾਲ ਬਣਾਉਣ ਦੇ ਨਾਲ ਮਹਿਲਾਵਾਂ ਅਤੇ ਨੌਜਵਾਨਾਂ ਲਈ ਸਕਿੱਲ ਟ੍ਰੇਨਿੰਗ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਵੀ ਹੈ, ਤਾਂ ਜੋ ਰੋਜ਼ਗਾਰ ਦੇ ਮੌਕੇ ਵਧ ਸਕਣ।
ਅੰਤ ਵਿੱਚ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਮਿਤੀ 17 ਫਰਵਰੀ ਦਿਨ ਮੰਗਲਵਾਰ ਨੂੰ ਸ੍ਰੀ ਚਮਕੌਰ ਸਾਹਿਬ ਦਾਣਾ ਮੰਡੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਨਤਾ, ਸੇਵਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਮਜ਼ਬੂਤ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸੀਨੀਅਰ ਆਗੂ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।
Watch our YouTube video
Comments are closed.