ਹਵਾਰਾ (ਮੋਰਿੰਡਾ) ਵਿਖੇ 21 ਫਰਵਰੀ ਨੂੰ ਵਿਸ਼ਾਲ ਪੰਥਕ ਸਮਾਗਮ ਸਮਾਗਮ ਇਤਿਹਾਸਕ ਹੋਵੇਗਾ — ਪੰਜਕੋਹਾ
ਬੰਦੀ ਸਿੰਘਾਂ ਦੀ ਰਿਹਾਈ ਲਈ 21 ਫਰਵਰੀ ਨੂੰ ਹਵਾਰਾ ਕਲਾਂ ਵਿੱਚ ਵੱਡਾ ਇਕੱਠ
17 ਫਰਵਰੀ / ਕਰਨੈਲ ਜੀਤ
ਮੋਰਿੰਡਾ: ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਲਈ ਚਲ ਰਹੀ ਮੁਹਿੰਮ ਦੇ ਤਹਿਤ 21 ਫਰਵਰੀ 2026 ਨੂੰ ਪਿੰਡ ਹਵਾਰਾ ਕਲਾਂ (ਮੋਰਿੰਡਾ) ਵਿਖੇ ਵਿਸ਼ਾਲ ਪੰਥਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਬਣਾਈ ਕਮੇਟੀ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰੇ ਕਰਕੇ ਲੋਕਾਂ ਨੂੰ ਸਮਾਗਮ ਵਿੱਚ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਕਮੇਟੀ ਮੈਂਬਰ ਇੰਜੀਨੀਅਰ ਅਮਰਪ੍ਰੀਤ ਸਿੰਘ ਪੰਜਕੋਹਾ ਨੇ ਦੱਸਿਆ ਕਿ ਲੁਹਾਰੀ, ਲੁਹਾਰੀ ਖੁਰਦ, ਪਨੈਚਾਂ, ਕਾਲੇਵਾਲ, ਗੜਵਾਲ, ਸਿੱਧੂਪੁਰ ਖੁਰਦ, ਧਿਆਨੁ ਮਾਜਰਾ, ਬਦੇਸ਼ਾਂ ਕਲਾਂ-ਖੁਰਦ, ਮਨੈਲੀ, ਮਨੈਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿੱਥੇ ਲੋਕਾਂ ਵਿੱਚ ਸਮਾਗਮ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਹ ਇਕੱਠ ਪੰਥਕ ਜਥੇਬੰਦੀਆਂ ਵਿਚ ਏਕਤਾ ਮਜ਼ਬੂਤ ਕਰਨ ਵੱਲ ਵੱਡਾ ਕਦਮ ਸਾਬਤ ਹੋਵੇਗਾ ਅਤੇ ਸਮਾਗਮ ਇਤਿਹਾਸਕ ਹੋਵੇਗਾ।
ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਹਨ ਅਤੇ ਉਨ੍ਹਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨਾਲ ਮਿਲਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ, ਜੋ ਨਿਆਂ ਦੇ ਖਿਲਾਫ ਹੈ।
ਜਸਵੰਤ ਸਿੰਘ ਸਿੱਧੂ ਅਤੇ ਹੋਰ ਵਕਤਾਵਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਕੱਠ ਰਾਹੀਂ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈ ਜਾਵੇਗੀ। ਗੁਰਸੇਵਕ ਸਿੰਘ ਖਾਲਸਾ ਨੇ ਭਰੋਸਾ ਦਿੱਤਾ ਕਿ ਸਮਾਗਮ ਲਈ ਹਰ ਤਰ੍ਹਾਂ ਦੀ ਸੇਵਾ ਅਤੇ ਸਹਿਯੋਗ ਦਿੱਤਾ ਜਾਵੇਗਾ।
ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਗੁਰਦੁਆਰਾ ਕਮੇਟੀ ਮੈਂਬਰਾਂ ਅਤੇ ਸਮਾਜਿਕ ਆਗੂਆਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ ਅਤੇ ਸਮਾਗਮ ਨੂੰ ਕਾਮਯਾਬ ਬਣਾਉਣ ਦਾ ਯਕੀਨ ਦਵਾਇਆ।
ਕਮੇਟੀ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ 21 ਫਰਵਰੀ ਨੂੰ ਪਿੰਡ ਹਵਾਰਾ ਕਲਾਂ ਵਿਖੇ ਹੋਣ ਵਾਲੇ ਇਸ ਚੜਦੀ ਕਲਾ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਮਜ਼ਬੂਤ ਕੀਤਾ ਜਾਵੇ।
Comments are closed.