ਪੀਡਬਲਿਊਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਅਹਿਮ ਮੀਟਿੰਗ

ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਹੋਈ ਵਿਸਥਾਰਪੂਰਵਕ ਚਰਚਾ, ਜਲਦ ਨਿਪਟਾਰੇ ਦਾ ਭਰੋਸਾ

ਰਿਪੋਰਟ/ ਕਰਨੈਲ ਜੀਤ

ਮੋਰਿੰਡਾ, 22 ਫ਼ਰਵਰੀ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਦਰਜਾ ਤਿੰਨ ਤੇ ਚਾਰ, ਇਨਲਿਸਟਮੈਂਟ ਅਤੇ ਆਉਟਸੋਰਸਿੰਗ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸਬੰਧੀ ਪੀਡਬਲਿਊਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਲ ਕਰਕੇ ਰੈਗੂਲਰ ਕਰਨ, ਟੈਸਟ ਪਾਸ ਦਰਜਾ ਚਾਰ ਮੁਲਾਜ਼ਮਾਂ ਨੂੰ ਦਰਜਾ ਤਿੰਨ ਦੀਆਂ ਖਾਲੀ ਅਸਾਮੀਆਂ ‘ਤੇ ਪ੍ਰਮੋਟ ਕਰਨ, ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਨੀਤੀ ਰੱਦ ਕਰਨ ਅਤੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਸਮੇਤ ਕਈ ਮੰਗਾਂ ਰੱਖੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਮਾਰਚ 2021 ਦੇ ਨਿਯਮਾਂ ਵਿੱਚ ਮੁਲਾਜ਼ਮ ਪੱਖੀ ਸੋਧਾਂ, ਆਈਓਟੀ ਸਕਾਡਾ ਪ੍ਰੋਜੈਕਟਾਂ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ, ਸਪੱਸ਼ਟ ਪ੍ਰਮੋਸ਼ਨ ਨੀਤੀ ਬਣਾਉਣ, 58 ਸਾਲ ਦੇ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਕਾਮਿਆਂ ਦੀ ਛਾਂਟੀ ਨਾ ਕਰਨ ਅਤੇ ਵਿਭਾਗੀ ਫ਼ੈਸਲਿਆਂ ਵਿੱਚ ਜਥੇਬੰਦੀਆਂ ਦੀ ਸਹਿਮਤੀ ਲੈਣ ਦੀ ਵੀ ਮੰਗ ਕੀਤੀ ਗਈ।

ਕਮੇਟੀ ਨੇ ਕਿਹਾ ਕਿ ਹਰ ਫੀਲਡ ਮੁਲਾਜ਼ਮ ਨੂੰ ਘੱਟੋ-ਘੱਟ ਇੱਕ ਪ੍ਰਮੋਸ਼ਨ ਮਿਲਣਾ ਚਾਹੀਦਾ ਹੈ ਅਤੇ ਸਕੀਮਾਂ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਢੁਕਵੇਂ ਕਦਮ ਚੁੱਕੇ ਜਾਣ। ਦਰਜਾ ਚਾਰ ਟੈਸਟ ਪਾਸ ਮੁਲਾਜ਼ਮਾਂ ਨੂੰ ਜਲਦੀ ਪ੍ਰਮੋਟ ਕਰਨ ਦੀ ਮੰਗ ਵੀ ਜ਼ੋਰ ਨਾਲ ਰੱਖੀ ਗਈ।

ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਘਰਸ਼ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਪੈਨਲ ਮੀਟਿੰਗ ਕਰਕੇ ਮੰਗਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਤਹਿਤ ਭਾਰਤ ਸਰਕਾਰ ਵੱਲੋਂ ਮਿਲਿਆ ਐਵਾਰਡ ਫੀਲਡ ਦੇ ਮੁਲਾਜ਼ਮਾਂ ਅਤੇ ਕੱਚੇ ਕਾਮਿਆਂ ਦੀ ਮਿਹਨਤ ਦਾ ਨਤੀਜਾ ਹੈ।

ਮੀਟਿੰਗ ਦੌਰਾਨ ਵਫ਼ਦ ਵਿੱਚ ਕਨਵੀਨਰ ਦੇਵਿੰਦਰ ਸਿੰਘ ਨਾਭਾ, ਹਰਦੇਵ ਸਿੰਘ ਮੱਲੇਵਾਲ, ਸੁੱਖ ਰਾਮ ਕਾਲੇਵਾਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

Comments are closed.