ਧੰਨਾ ਭਗਤ ਜੀ ਦਾ ਜਨਮ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਅਤੇ ਧਾਰਮਿਕ ਦਿਵਾਨ ਸਜੇ

21 ਅਪ੍ਰੈਲ / ਕਰਨੈਲ ਜੀਤ
ਮੋਰਿੰਡਾ: ਧੰਨਾ ਭਗਤ ਵੈਲਫੇਅਰ ਸੋਸਾਇਟੀ ਮੋਰਿੰਡਾ ਵੱਲੋਂ ਧੰਨਾ ਭਗਤ ਜੀ ਦਾ ਜਨਮ ਦਿਵਸ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਭੂਲਰ ਨੇ ਦੱਸਿਆ ਕਿ ਧੰਨਾ ਭਗਤ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਅੱਜ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦਿਵਾਨ ਸਜਾਏ ਗਏ।

ਇਸ ਮੌਕੇ ਪ੍ਰਸਿੱਧ ਰਾਗੀ ਭਾਈ ਬੇਅੰਤ ਸਿੰਘ ਧਿਆਨਪੁਰੇ ਵਾਲਿਆਂ ਨੇ ਕਥਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਕਥਾ ਦੌਰਾਨ ਭਗਤ ਧੰਨਾ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਨਾਮ ਜਪਣ, ਵੰਡ ਛਕਣ ਅਤੇ ਜ਼ਬਰ-ਜ਼ੁਲਮ ਖ਼ਿਲਾਫ਼ ਡਟ ਕੇ ਖੜ੍ਹੇ ਹੋਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ।
ਸਮਾਗਮ ਦੇ ਅਖੀਰ ਵਿੱਚ ਸੋਸਾਇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਅਮਰੀਕ ਸਿੰਘ ਮਾਨ ਵੱਲੋਂ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਵਾਲੇ ਜਥਿਆਂ ਅਤੇ ਪਤਵੰਤੇ ਸੱਜਣਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਰੌਲੂ ਮਾਜਰਾ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਪੀਏਡੀ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ ਮਝੈਲ (ਡੂਮਛੇੜੀ), ਸਾਬਕਾ ਸਰਪੰਚ ਬਾਰਾ ਸਿੰਘ (ਰੌਣੀ), ਗੁਰਮੁੱਖ ਸਿੰਘ (ਸੰਤ ਨਗਰ), ਪਰਮਿੰਦਰ ਸਿੰਘ (ਢੋਲਣ ਮਾਜਰਾ), ਗੁਰਮੀਤ ਸਿੰਘ (ਮੋਰਿੰਡਾ), ਥਾਣੇਦਾਰ ਦਵਿੰਦਰ ਸਿੰਘ ਧਾਲੀਵਾਲ, ਹੈਡਮਾਸਟਰ ਗੁਰਦੇਵ ਸਿੰਘ ਤੂਰ, ਮਹਿੰਦਰ ਸਿੰਘ ਮੰਡੇਰ ਸਮੇਤ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ।

Leave A Reply