ਸਿਹਤ ਵਿਭਾਗ ਵੱਲੋਂ ਗਰਮੀ ਅਤੇ ਲੂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਜ਼ਰੂਰੀ ਕੰਮ ਹੋਣ ’ਤੇ ਹੀ ਦੁਪਹਿਰ ਸਮੇਂ ਘਰੋਂ ਬਾਹਰ ਨਿਕਲੋ – ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਤਰਨ ਤਾਰਨ, 20 ਅਪ੍ਰੈਲ (ਨਵਦੀਪ ਸ਼ੰਟੀ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਆਉਣ ਵਾਲੇ ਦਿਨਾਂ ਵਿੱਚ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਅੱਤ ਦੀ ਗਰਮੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਗਰਮੀ ਦੌਰਾਨ ਜ਼ਿਲ੍ਹਾ ਵਾਸੀ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਡਾ. ਰਾਏ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਸਲਾਹ ਅਨੁਸਾਰ ਨਵ ਜਨਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ, ਮਜ਼ਦੂਰ, ਮੋਟਾਪੇ ਨਾਲ ਪੀੜਤ ਲੋਕ, ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ, ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਵਧੇਰੇ ਤਾਪਮਾਨ ਤੋਂ ਬਚਣ।

ਉਨ੍ਹਾਂ ਕਿਹਾ ਕਿ ਬਾਹਰ ਕੰਮ ਕਰਨ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਹਿਨੇ ਜਾਣ। ਸਿਰ ਨੂੰ ਧੁੱਪ ਤੋਂ ਬਚਾਉਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਜੋ ਲੋਕ ਧੁੱਪ ਵਿੱਚ ਕੰਮ ਕਰਦੇ ਹਨ, ਉਹ ਸਰੀਰ ਦਾ ਤਾਪਮਾਨ ਘੱਟ ਰੱਖਣ ਲਈ ਸਮੇਂ-ਸਮੇਂ ’ਤੇ ਛਾਂ ਵਿੱਚ ਆਰਾਮ ਕਰਨ ਅਤੇ ਸਿਰ ’ਤੇ ਗਿੱਲਾ ਕੱਪੜਾ ਰੱਖਣ। ਧੁੱਪ ਵਿੱਚ ਜਾਣ ਵੇਲੇ ਹਮੇਸ਼ਾਂ ਪਾਣੀ ਨਾਲ ਲੈ ਕੇ ਜਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਜ਼ਰੂਰਤ ਪੈਣ ’ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ ਫਰੀ ਨੰਬਰ 108 ਅਤੇ ਸਿਹਤ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਨੇ ਦੱਸਿਆ ਕਿ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਖਰਬੂਜ਼ਾ, ਅੰਗੂਰ, ਖੀਰੇ, ਟਮਾਟਰ, ਘੀਆ ਅਤੇ ਤੋਰੀਆਂ ਦੀ ਵਰਤੋਂ ਵੱਧ ਕੀਤੀ ਜਾਵੇ, ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਓ.ਆਰ.ਐਸ., ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ। ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਤਲੇ ਹੋਏ ਅਤੇ ਬਾਜ਼ਾਰੀ ਖਾਣੇ ਤੋਂ ਪਰਹੇਜ਼ ਕੀਤਾ ਜਾਵੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਗਰਮੀ ਦੇ ਸਿਖਰ ਦੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਬਚਿਆ ਜਾਵੇ ਅਤੇ ਰਸੋਈ ਵਿੱਚ ਹਵਾ ਦੇ ਪ੍ਰਵਾਹ ਲਈ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖੀਆਂ ਜਾਣ।

Leave A Reply