ਝੋਨੇ ਤੋਂ ਮੱਕੀ ਵੱਲ ਕਦਮ: ਪਾਣੀ ਦੀ ਬੱਚਤ ਦਾ ਸਹੀ ਹੱਲ — ਡਾ. ਤੇਜਬੀਰ ਸਿੰਘ ਭੰਗੂ

ਮੱਕੀ ਅਪਣਾਓ, ਪਾਣੀ ਬਚਾਓ, ਆਮਦਨ ਵਧਾਓ — ਡਾ. ਯਾਦਵਿੰਦਰ ਸਿੰਘ

ਖਡੂਰ ਸਾਹਿਬ, 24 ਅਪ੍ਰੈਲ (ਨਵਦੀਪ ਸ਼ੰਟੀ)

ਪੰਜਾਬ ਅਤੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਸਾਉਣੀ ਦੀਆਂ ਫ਼ਸਲਾਂ ਵਿੱਚ ਮੱਕੀ ਇੱਕ ਮਹੱਤਵਪੂਰਨ ਵਿਕਲਪ ਵਜੋਂ ਉਭਰ ਰਹੀ ਹੈ। ਝੋਨੇ ਦੀ ਵੱਧ ਰਹੀ ਲਾਗਤ ਅਤੇ ਪਾਣੀ ਦੀ ਘਾਟ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਵੱਲੋਂ ਮੱਕੀ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਆਦੇਸ਼ਾਂ ਅਨੁਸਾਰ ਡਾ. ਯਾਦਵਿੰਦਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।

ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਮੁਹਿੰਮ ਬਲਾਕ ਖਡੂਰ ਸਾਹਿਬ ਦੇ ਸਾਰੇ ਪਿੰਡਾਂ ਵਿੱਚ ਡਾ. ਭੁਪਿੰਦਰ ਸਿੰਘ (ਬਲਾਕ ਖੇਤੀਬਾੜੀ ਅਫਸਰ) ਦੀ ਟੀਮ ਵੱਲੋਂ ਚਲਾਈ ਜਾ ਰਹੀ ਹੈ। ਨੁੱਕੜ ਮੀਟਿੰਗਾਂ ਅਤੇ ਘਰ-ਘਰ ਜਾ ਕੇ ਮੱਕੀ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਇਸ ਵੱਲ ਪ੍ਰੇਰਿਤ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮੱਕੀ ਇੱਕ ਬਹੁ-ਉਦੇਸ਼ੀ ਫ਼ਸਲ ਹੈ ਜੋ ਮਨੁੱਖੀ ਖਪਤ, ਪਸ਼ੂ ਚਾਰੇ ਅਤੇ ਉਦਯੋਗਿਕ ਵਰਤੋਂ ਲਈ ਲਾਭਕਾਰੀ ਹੈ। ਇਹ ਫ਼ਸਲ ਲਗਭਗ 90 ਤੋਂ 110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਘੱਟ ਪਾਣੀ ਦੀ ਲੋੜ ਕਾਰਨ ਝੋਨੇ ਦਾ ਵਧੀਆ ਬਦਲ ਹੈ।

ਸਾਉਣੀ ਦੀ ਮੱਕੀ ਲਈ ਸਭ ਤੋਂ ਉਚਿਤ ਸਮਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਮੰਨਿਆ ਜਾਂਦਾ ਹੈ। ਸਮੇਂ ਸਿਰ ਬੀਜਾਈ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਮੱਕੀ ਲਈ ਬੀਜ ਮਾਤਰਾ 8-10 ਕਿਲੋ ਪ੍ਰਤੀ ਏਕੜ ਰੱਖੀ ਜਾਵੇ, ਲਾਈਨਾਂ ਵਿੱਚਕਾਰ 60 ਸੈਂਟੀਮੀਟਰ ਅਤੇ ਪੌਦਿਆਂ ਵਿੱਚਕਾਰ 20 ਸੈਂਟੀਮੀਟਰ ਫ਼ਾਸਲਾ ਰੱਖਣਾ ਚਾਹੀਦਾ ਹੈ।

ਵਧੀਆ ਪੈਦਾਵਾਰ ਲਈ ਸੰਤੁਲਿਤ ਖਾਦ ਦੀ ਵਰਤੋਂ ਲਾਜ਼ਮੀ ਹੈ। ਨਾਈਟਰੋਜਨ 75 ਕਿਲੋ, ਫਾਸਫੋਰਸ 25 ਕਿਲੋ ਅਤੇ ਪੋਟਾਸ਼ 10-15 ਕਿਲੋ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਗਈ ਹੈ। ਅੱਧੀ ਨਾਈਟਰੋਜਨ ਬੀਜਾਈ ਸਮੇਂ ਅਤੇ ਬਾਕੀ 25-30 ਦਿਨਾਂ ਬਾਅਦ ਦੇਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਮੱਕੀ ਨੂੰ ਝੋਨੇ ਨਾਲੋਂ ਕਾਫ਼ੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਪਹਿਲੀ ਸਿੰਚਾਈ ਪੁੰਗਰਣ ਤੋਂ ਬਾਅਦ ਅਤੇ ਫਿਰ ਗੁੱਟ ਬਣਨ ਅਤੇ ਦਾਣਾ ਭਰਨ ਸਮੇਂ ਕਰਨੀ ਚਾਹੀਦੀ ਹੈ।

ਖੇਤੀਬਾੜੀ ਵਿਭਾਗ ਵੱਲੋਂ ਮੱਕੀ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ 17,500 ਰੁਪਏ ਪ੍ਰਤੀ ਹੈਕਟੇਅਰ ਦੀ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਮੱਕੀ ਦੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਮੱਕੀ ਦੀ ਖੇਤੀ ਦੇ ਫਾਇਦਿਆਂ ਵਿੱਚ ਘੱਟ ਪਾਣੀ ਦੀ ਲੋੜ, ਘੱਟ ਲਾਗਤ, ਵਧੀਆ ਮੁਨਾਫ਼ਾ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਅਤੇ ਝੋਨੇ ਦਾ ਬਿਹਤਰ ਬਦਲ ਹੋਣਾ ਸ਼ਾਮਲ ਹਨ।

ਇਸ ਮੌਕੇ ਡਾ. ਰੁਪਿੰਦਰਜੀਤ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਕਮਲਜੀਤ ਕੌਰ, ਸਹਾਇਕ ਟੈਕਨੋਲੋਜੀ ਮੈਨੇਜਰ ਗੁਰਮੇਜ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਰਣਜੋਧ ਸਿੰਘ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ।

ਅੰਤ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਬਜਾਏ ਮੱਕੀ ਦੀ ਖੇਤੀ ਵੱਲ ਧਿਆਨ ਦੇਣ ਅਤੇ ਸਰਕਾਰੀ ਪ੍ਰੋਤਸਾਹਨ ਦਾ ਪੂਰਾ ਲਾਭ ਲੈਣ, ਤਾਂ ਜੋ ਪਾਣੀ ਦੀ ਬਚਤ ਨਾਲ ਨਾਲ ਆਮਦਨ ਵਿੱਚ ਵੀ ਵਾਧਾ ਹੋ ਸਕੇ।

Comments are closed.