ਸ੍ਰੀ ਗੋਪਾਲ ਗਊਸ਼ਾਲਾ ਵਿਖੇ ਖਾਟੂ ਸ਼ਿਆਮ ਜੀ, ਗਣਪਤੀ ਜੀ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਵਿਧੀ ਪੂਰਵਕ ਸਥਾਪਿਤ

ਪੂਰਾ ਵਾਤਾਵਰਨ ਬਾਬਾ ਖਾਟੂ ਸ਼ਿਆਮ ਜੀ ਦੇ ਰੰਗ ਵਿੱਚ ਰੰਗਿਆ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਲਿਆ ਅਸ਼ੀਰਵਾਦ

ਤਰਨ ਤਾਰਨ, 24 ਅਪ੍ਰੈਲ (ਨਵਦੀਪ ਸ਼ੰਟੀ)
ਸ਼੍ਰੀ ਗੋਪਾਲ ਗਊਸ਼ਾਲਾ ਅਤੇ ਅਨੁਸੰਧਾਨ ਕੇਂਦਰ, ਪੰਡੋਰੀ ਗੋਲਾ ਰੋਡ, ਤਰਨ ਤਾਰਨ ਵਿਖੇ ਅੱਜ ਸ਼੍ਰੀ ਗਣਪਤੀ ਜੀ, ਬਾਬਾ ਖਾਟੂ ਸ਼ਿਆਮ ਜੀ ਅਤੇ ਵੀਰ ਹਨੂੰਮਾਨ ਜੀ ਦੀਆਂ ਮੂਰਤੀਆਂ ਵਿਧੀ ਪੂਰਵਕ ਸਥਾਪਿਤ ਕੀਤੀਆਂ ਗਈਆਂ।

ਇਸ ਪਵਿੱਤਰ ਮੌਕੇ ‘ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਸਮੇਤ ਹਜ਼ਾਰਾਂ ਸ਼ਿਆਮ ਪ੍ਰੇਮੀ ਬਾਬਾ ਸ਼ਿਆਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ। ਸ਼੍ਰੀ ਠਾਕੁਰ ਦਵਾਰਾ ਮਦਨ ਮੋਹਨ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਮਹਾਂਵੀਰ ਪ੍ਰਸਾਦ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਮੰਤਰਾਂ ਦੇ ਜਾਪ ਅਤੇ ਧਾਰਮਿਕ ਰਸਮਾਂ ਉਪਰੰਤ ਅੱਜ ਜਜਮਾਨਾਂ ਵੱਲੋਂ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਟਾ ਕੀਤੀ ਗਈ। ਇਸ ਦੌਰਾਨ ਹਵਨ ਯੱਗ ਕਰਕੇ ਪੂਰਨ ਆਹੂਤੀਆਂ ਵੀ ਪਾਈਆਂ ਗਈਆਂ।

ਸਮਾਗਮ ਦੌਰਾਨ ਬਾਬਾ ਖਾਟੂ ਸ਼ਿਆਮ ਜੀ ਦੀ ਮੂਰਤੀ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨੇ ਸਭ ਦਾ ਮਨ ਮੋਹ ਲਿਆ। ਇਲਾਕੇ ਦੇ ਪ੍ਰਸਿੱਧ ਗਾਇਕਾਂ ਪਰਮ ਸਾਵਲ, ਕਸ਼ਿਸ਼ ਕਿਸ਼ੋਰੀ ਜੀ, ਨਰੋਤਮ ਸ਼ਰਮਾ, ਸੁਰਜੀਤ ਆਹੂਜਾ ਅਤੇ ਅਨਿਲ ਅਰੋੜਾ ਵੱਲੋਂ ਭਜਨ ਗਾ ਕੇ ਭਗਤਾਂ ਨੂੰ ਭਾਵੁਕ ਕਰ ਦਿੱਤਾ ਅਤੇ ਸਾਰਾ ਵਾਤਾਵਰਨ ਭਗਤੀ ਰੰਗ ਵਿੱਚ ਰੰਗ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਢੀਂਗਰਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਨੇ ਬਾਬਾ ਸ਼ਿਆਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਦੇ ਨਾਲ ਹੀ ਕੌਂਸਲਰ ਮਨੋਜ ਅਗਨੀਹੋਤਰੀ, ਸੰਜੀਵ ਕੁੰਦਰਾ, ਸ਼ਾਮ ਸਿੰਘ, ਹਰਪ੍ਰੀਤ ਸਿੰਘ ਸਿੰਧਬਾਦ, ਚੰਦਰ ਕੁਮਾਰ ਅਗਰਵਾਲ, ਡਾ. ਸ਼ੂਰ ਅੰਮ੍ਰਿਤਸਰ ਵਾਲੇ, ਸੁਰਜੀਤ ਕੁਮਾਰ ਆਹੂਜਾ, ਹੰਸਰਾਜ ਚੌਧਰੀ, ਫਤਹਿ ਸਿੰਘ, ਅਭਿਨੰਦਨ ਗੁਪਤਾ, ਦਿਨੇਸ਼ ਗੁਪਤਾ, ਵਿਜੇ ਕੁਮਾਰ ਜੋਸ਼ੀ, ਸੰਜੀਵ ਕੁਮਾਰ ਦੋਦੇ, ਕੁਲਦੀਪ ਸਿੰਘ, ਅਵਤਾਰ ਸ਼ਰਮਾ, ਅਰੁਣ ਗੁਪਤਾ, ਹਨੀ ਅਰੋੜਾ, ਆਨੰਦ ਗੁਪਤਾ, ਰਾਜ ਕੁਮਾਰ, ਪ੍ਰਭਾਤ ਗੁਪਤਾ, ਪੰਕਜ ਕੇਸਰ, ਬੀਰੂ ਰਾਮ ਜੀ, ਡਾ. ਸੁਨੰਦਨ ਸੂਦ, ਵਿਪਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

ਸਮਾਗਮ ਦੌਰਾਨ ਸ਼੍ਰੀ ਗੋਪਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਿੰਦਰ ਕੁਮਾਰ ਅਗਰਵਾਲ, ਉਪ ਪ੍ਰਧਾਨ ਸੰਜੇ ਗੁਪਤਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਅੰਤ ਵਿੱਚ ਬਾਬਾ ਜੀ ਦੀ ਜੋਤ ਜਗਾ ਕੇ ਆਰਤੀ ਕੀਤੀ ਗਈ ਅਤੇ ਵੱਖ-ਵੱਖ ਪਦਾਰਥਾਂ ਦੇ ਭੋਗ ਲਗਾ ਕੇ ਸਾਰੇ ਸ਼ਰਧਾਲੂਆਂ ਵਿੱਚ ਪ੍ਰਸ਼ਾਦ ਅਤੇ ਲੰਗਰ ਭੰਡਾਰਾ ਵੰਡਿਆ ਗਿਆ।

Comments are closed.