ਇਫਟੂ ਵੱਲੋਂ ਮੋਰਿੰਡਾ ਵਿੱਚ ਅਰਥੀ ਫੂਕ ਮੁਜ਼ਾਹਰਾ
ਮਜ਼ਦੂਰਾਂ ‘ਤੇ ਲਾਠੀਚਾਰਜ ਦੇ ਵਿਰੋਧ ‘ਚ ਕੇਂਦਰ, ਦਿੱਲੀ ਤੇ ਯੂਪੀ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ
21 ਅਪ੍ਰੈਲ / ਕਰਨੈਲ ਜੀਤ
ਮੋਰਿੰਡਾ: ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਰਜਿ.), ਜੋ ਇਫਟੂ ਨਾਲ ਸੰਬੰਧਤ ਹੈ, ਵੱਲੋਂ ਲੇਬਰ ਚੌਂਕ ਮੋਰਿੰਡਾ ਵਿਖੇ ਪ੍ਰਧਾਨ ਮੰਤਰੀ ਸਮੇਤ ਦਿੱਲੀ ਅਤੇ ਯੂਪੀ ਦੇ ਮੁੱਖ ਮੰਤਰੀਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਚਲਾਕੀ ਅਤੇ ਜਨਰਲ ਸਕੱਤਰ ਰੁਪਿੰਦਰ ਸਿੰਘ ਬਮਨਾੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਅਤੇ ਯੂਪੀ ਦੀਆਂ ਸਰਕਾਰਾਂ ਵੱਲੋਂ ਫੈਕਟਰੀ ਮਜ਼ਦੂਰਾਂ, ਜੋ ਆਪਣੀਆਂ ਉਜਰਤਾਂ ਵਿੱਚ ਵਾਧਾ, ਅੱਠ ਘੰਟੇ ਦੀ ਦਿਹਾੜੀ ਦਾ ਨਿਯਮ ਲਾਗੂ ਕਰਨ ਅਤੇ 30 ਹਜ਼ਾਰ ਰੁਪਏ ਮਾਸਿਕ ਤਨਖਾਹ ਦੀ ਮੰਗ ਲਈ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਵੈਹਸ਼ੀ ਢੰਗ ਨਾਲ ਲਾਠੀਚਾਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਸੈਂਕੜੇ ਮਜ਼ਦੂਰ ਜ਼ਖ਼ਮੀ ਹੋਏ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰਕੇ ਜੇਲਾਂ ਵਿੱਚ ਸੁੱਟ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੱਕ ਮੰਗਦੇ ਮਜ਼ਦੂਰਾਂ ‘ਤੇ ਅੰਨ੍ਹੇ ਵਾਹ ਲਾਠੀਚਾਰਜ ਕਰਨਾ ਲੋਕਤੰਤਰ ਦੀ ਹੱਤਿਆ ਹੈ। ਇਸ ਦੇ ਵਿਰੋਧ ਵਿੱਚ ਅਤੇ ਸੰਘਰਸ਼ਸ਼ੀਲ ਮਜ਼ਦੂਰਾਂ ਦੀ ਹਮਾਇਤ ਵਿੱਚ ਇਹ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਦੇਸ਼ ਭਰ ਦੇ ਫੈਕਟਰੀ ਅਤੇ ਉਸਾਰੀ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਲੇਬਰ ਵੈਲਫੇਅਰ ਬੋਰਡਾਂ ਨੂੰ ਮਜ਼ਬੂਤ ਕਰਦੇ ਹੋਏ ਮਜ਼ਦੂਰਾਂ ਨੂੰ ਯੋਗ ਨੁਮਾਇੰਦਗੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ 30 ਹਜ਼ਾਰ ਰੁਪਏ ਮਾਸਿਕ ਉਜਰਤ ਤਹਿ ਕੀਤੀ ਜਾਵੇ, ਹਰ ਮਜ਼ਦੂਰ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ ਅਤੇ ਫ੍ਰੀ ਮੈਡੀਕਲ ਤੇ ਸਿੱਖਿਆ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇ।
ਆਗੂਆਂ ਨੇ ਸਮੁੱਚੇ ਮਜ਼ਦੂਰ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਹੱਕੀ ਮੰਗਾਂ ਲਈ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਸੰਘਰਸ਼ ਦਾ ਅਹਿਦ ਕਰਨ, ਤਾਂ ਜੋ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਸੁਧਾਰ ਆ ਸਕੇ।
ਇਸ ਮੌਕੇ ਪ੍ਰਕਾਸ਼ ਸਿੰਘ ਫੌਜੀ, ਸਤਵੀਰ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ ਸਮੇਤ ਹੋਰ ਮਜ਼ਦੂਰ ਹਾਜ਼ਰ ਸਨ।
Comments are closed.