ਫੂਡ ਸੇਫਟੀ ਟੀਮ ਵੱਲੋਂ ਡੇਅਰੀਆਂ ਅਤੇ ਫੂਡ ਆਊਟਲੈਟਾਂ ਦੀ ਅਚਨਚੇਤ ਜਾਂਚ

ਦੁੱਧ, ਲੱਡੂ, ਚਿਕਨ ਅਤੇ ਪਨੀਰ ਦੇ 6 ਸੈਂਪਲ ਭਰੇ, ਜਾਗਰੂਕਤਾ ਮੁਹਿੰਮ ਵੀ ਜਾਰੀ

ਤਰਨ ਤਾਰਨ, 24 ਅਪ੍ਰੈਲ (ਨਵਦੀਪ ਸ਼ੰਟੀ)

ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੰਵਲਪ੍ਰੀਤ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਮਾਰਗ ਦਰਸ਼ਨ ਹੇਠ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਤਰਨ ਤਾਰਨ ਵੱਲੋਂ ਫੂਡ ਸੇਫਟੀ ਪੰਦਰਵਾੜੇ ਤਹਿਤ ਵੱਡੇ ਪੱਧਰ ‘ਤੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।

ਇਸੇ ਤਹਿਤ ਫੂਡ ਸੇਫਟੀ ਟੀਮ ਵੱਲੋਂ ਅੱਜ ਤਰਨ ਤਾਰਨ ਦੇ ਸਥਾਨਕ ਅਤੇ ਸਰਹੱਦੀ ਖੇਤਰਾਂ ਦਰਾਜਕੇ, ਪਹਿਲਵਾਂਕੇ, ਚੇਲਾ ਅਤੇ ਦਿਆਲਪੁਰ ਵਿੱਚ ਡੇਅਰੀਆਂ ਅਤੇ ਵੱਖ-ਵੱਖ ਫੂਡ ਆਊਟਲੈਟਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਖਰੜ ਲੈਬ ਵਿੱਚ ਭੇਜਣ ਲਈ ਦੁੱਧ, ਲੱਡੂ, ਚਿਕਨ ਅਤੇ ਪਨੀਰ ਦੇ ਕੁੱਲ 6 ਨਮੂਨੇ ਇਕੱਤਰ ਕੀਤੇ ਗਏ।

ਇਸ ਦੇ ਨਾਲ ਹੀ ਟੀਮ ਵੱਲੋਂ ਜਾਗਰੂਕਤਾ ਮੁਹਿੰਮ ਵੀ ਜਾਰੀ ਰੱਖੀ ਗਈ। ਅਧਿਕਾਰੀਆਂ ਨੇ ਸਾਰੇ ਫੂਡ ਬਿਜ਼ਨਸ ਓਪਰੇਟਰਾਂ (FBOs) ਨੂੰ ਸਫ਼ਾਈ ਬਣਾਈ ਰੱਖਣ, ਤੇਲ ਨੂੰ ਮੁੜ ਵਰਤਣ ਤੋਂ ਬਚਣ, ਮਿਲਾਵਟ ਨਾ ਕਰਨ ਅਤੇ ਪਕਵਾਨਾਂ ਦਾ ਠੀਕ ਤਾਪਮਾਨ ਬਰਕਰਾਰ ਰੱਖਣ ਲਈ ਹਦਾਇਤਾਂ ਦਿੱਤੀਆਂ।

ਟੀਮ ਨੇ ਦਿਆਲਪੁਰ ਵਿੱਚ ਜਾਗਰੂਕਤਾ ਅਤੇ ਸਿਖਲਾਈ ਸੈਸ਼ਨ ਵੀ ਆਯੋਜਿਤ ਕੀਤਾ, ਜਿਸ ਦੌਰਾਨ ਲੋਕਾਂ ਨੂੰ ਬਾਜਰੇ ਦੇ ਪੋਸ਼ਣਕਾਰੀ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਆਪਣੇ ਰਜਿਸਟ੍ਰੇਸ਼ਨ/ਲਾਇਸੰਸ ਨਵੀਨਤਮ ਰੱਖਣ ਦੀ ਹਦਾਇਤ ਵੀ ਕੀਤੀ ਗਈ।

Comments are closed.